ਰੁਟੀਨ ਟੀਕਾਕਰਨ ਅਤੇ ਟੀਕਾਕਰਨ ਦੇ ਪ੍ਰਤੀਕੂਲ ਪ੍ਰਭਾਵਾਂ ਬਾਰੇ ਜਾਣੂ ਹੋਣਾ ਲਾਜ਼ਮੀ-ਸਿਵਲ ਸਰਜਨ

ਮਾਨਸਾ 18, ਫਰਵਰੀ:
ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਅਗਵਾਈ ਹੇਠ ਦਫਤਰ ਸਿਵਲ ਸਰਜਨ, ਮਾਨਸਾ ਵਿਖੇ ਰੂਟੀਨ ਟੀਕਾਕਰਨ ਅਤੇ ਏ.ਈ.ਐਫ.ਆਈ. (ਟੀਕਾਕਰਨ ਦੇ ਪ੍ਰਤੀਕੂਲ ਪ੍ਰਭਾਵਾਂ ਬਾਰੇ ) ਕੋਲਡ ਸਟੋਰਾਂ ਦੇ ਡਾਕਟਰਾਂ ਦਾ ਸਿਖਲਾਈ ਸੈਸ਼ਨ ਆਯੋਜਿਤ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਤਰਫੋਂ ਜੋ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਰੂਟੀਨ ਟੀਕਾਕਰਨ ਕੀਤਾ ਜਾਂਦਾ ਹੈ ਇਸ ਸਬੰਧੀ ਜ਼ਿਲ੍ਹੇ ਦੇ 09 ਕੋਲਡ ਚੇਨਹੈਂਡਲਰ ਅਧਿਕਾਰੀਆਂ ਕਰਮਚਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਤਾਂ ਜੋ ਵੈਕਸੀਨੇਸ਼ਨ ਕੈਂਪਾਂ ਦੌਰਾਨ ਅਤੇ ਟੀਕਾਕਰਨ ਤੋਂ ਬਾਅਦ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਮੀਟਿੰਗਾਂ ਸਮੇਂ ਸਮੇਂ ’ਤੇ ਕੀਤੀਆਂ ਜਾਂਦੀਆਂ ਹਨ ਤਾਂ ਜੋ ਟੀਕਾਕਰਨ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੂਟੀਨ ਟੀਕਾਕਰਨ ਦੌਰਾਨ ਕਈ ਵਾਰ ਕੁੱਝ ਬੱਚੇ ਕਿਸੇ ਕਾਰਨ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ। ਸਮੀਖਿਆ ਮੀਟਿੰਗ ਕਰਨ ਦਾ ਮੁੱਖ ਮਕਸਦ ਬੱਚਿਆਂ ਤੇ ਗਰਭਵਤੀ ਮਾਵਾਂ ਦਾ ਸਮੇਂ ਸਿਰ 100 ਫ਼ੀਸਦੀ ਟੀਕਾਕਰਨ ਕਰਨਾ ਹੈ, ਇਸ ਦੇ ਨਾਲ ਹੀ ਕਈ ਵਾਰ ਟੀਕਾਕਰਨ ਉਪਰੰਤ ਬੱਚੇ ਨੂੰ ਵੈਕਸੀਨੇਸ਼ਨ ਜਾਂ ਟੀਕਾਕਰਨ ਦੇ ਪ੍ਰਤੀਕੂਲ ਪ੍ਰਭਾਵ ਸਾਹਮਣੇ ਆਉਂਦੇ ਹਨ, ਜੋ ਕਿ ਮਾਈਨਰ ਪ੍ਰਭਾਵ ਹੀ ਹੁੰਦੇ ਹਨ ਅਤੇ ਇੰਨ੍ਹਾਂ ਪ੍ਰਭਾਵਾਂ ਨਾਲ ਨਜਿੱਠਣ ਲਈ ਸਿਹਤ ਅਮਲੇ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਹੈ ਜਿਵੇਂ ਕਿ ਟੀਕਾਕਰਨ ਤੋਂ ਬਾਅਦ ਮਾਈਨਰ ਬੁਖਾਰ, ਟੀਕਾਕਰਨ ਵਾਲੀ ਥਾਂ ’ਤੇ ਲਾਲੀ ਜਾਂ ਸੋਜਿਸ਼ ਹੋ ਜਾਣਾ, ਜਾਂ ਕਿਸੇ ਤਰ੍ਹਾਂ ਦਾ ਰਿਐਕਸ਼ਨ ਹੋਣਾ, ਇਸ ਪ੍ਰਤੀ ਯੋਗਤਾ ਅਨੁਸਾਰ ਫਸਟ ਏਡ ਦੇਣਾ ਅਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਰੈਫਰ ਕਰਨ ਲਈ ਹਦਾਇਤ ਕੀਤੀ ਗਈ।
ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾ. ਵੇਦ ਪ੍ਰਕਾਸ਼ ਸੰਧੂ ਈਐਨਟੀ ਸਪੈਸ਼ਲਿਸਟ ਡਾ. ਵਰੂਣ ਮਿੱਤਲ, ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਦਰਸ਼ਨ ਸਿੰਘ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਰਵਿੰਦਰ ਕੁਮਾਰ ਕੰਪਿਊਟਰ ਆਪਰੇਟਰ, ਜ਼ਿਲ੍ਹੇ ਦੇ ਸਮੂਹ ਡਾਕਟਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।