ਵਿਧਾਇਕ ਬੁੱਧ ਰਾਮ ਵੱਲੋਂ ਪਿੰਡ ਰਿਉਂਦ ਕਲਾਂ ਅਤੇ ਫੁੱਲੂਵਾਲਾ ਡੋਗਰਾ ਵਿਖੇ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ

ਬੁਢਲਾਡਾ/ਮਾਨਸਾ, 19 ਫਰਵਰੀ:
ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਪਿੰਡ ਰਿਉਂਦ ਕਲਾਂ ਅਤੇ ਫੁੱਲੂਵਾਲਾ ਡੋਗਰਾ ਵਿਖੇ ਗਰਾਮ ਪੰਚਾਇਤ ਵੱਲੋਂ ਬਣਾਏ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਵੀ ਮੌਜੂਦ ਸਨ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਆਂਗਣਵਾੜੀ ਸੈਂਟਰ ਬੱਚਿਆਂ ਦੀ ਪੜ੍ਹਾਈ ਦਾ ਮੁੱਢ ਹੁੰਦੇ ਹਨ ਜਿੱਥੇ ਛੋਟੇ ਬੱਚੇ ਸਕੂਲ ਵਿਚ ਬੈਠਣ, ਪੜ੍ਹਨ ਅਤੇ ਅਨੁਸਾਸ਼ਨ ਵਿਚ ਰਹਿਣਾ ਸਿੱਖਦੇ ਹਨ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਬੈਠਣ ਲਈ ਵਧੀਆ ਕਮਰੇ, ਰਸੋਈ ਅਤੇ ਬਾਥਰੂਮ ਦੀ ਸੁਵਿਧਾ ਦਿੱਤੀ ਗਈ ਹੈ।
ਵਿਧਾਇਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਦੀਆਂ ਦੀਵਾਰਾਂ ’ਤੇ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਵਧਾਉਣ ਦੇ ਮੰਤਵ ਨਾਲ ਬਾਲਾ ਪੇਂਟਿੰਗਜ਼ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਲਈ ਸੁਖਾਵਾਂ ਮਾਹੌਲ ਦੇਣ ਦੇ ਨਾਲ ਨਾਲ ਚੰਗੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਣ ਤਾਂ ਜੋ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ, ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ, ਬੀ.ਡੀ.ਪੀ.ਓ. ਕੁਸਮ ਅੱਗਰਵਾਲ, ਸਰਪੰਚ ਪਿੰਡ ਫੁੱਲੂਵਾਲਾ ਡੋਗਰਾ ਬੇਅੰਤ ਸਿੰਘ, ਸਰਪੰਚ ਪਿੰਡ ਰਿਉਂਦ ਕਲਾਂ ਜਸਵਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।