ਮੁੱਖ ਖੇਤੀਬਾੜੀ ਅਫ਼ਸਰ ਕਰਨਜੀਤ ਸਿੰਘ ਗਿੱਲ ਵੱਲੋਂ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਸਲੀਣਾ ਦੇ ਖੇਤਾਂ ਦਾ ਸਰਵੇਖਣ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਮੁੱਖ ਖੇਤੀਬਾੜੀ ਅਫ਼ਸਰ ਕਰਨਜੀਤ ਸਿੰਘ ਗਿੱਲ ਵੱਲੋਂ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਸਲੀਣਾ ਦੇ ਖੇਤਾਂ ਦਾ ਸਰਵੇਖਣ
ਕਿਸਾਨ ਤਰਸੇਮ ਸਿੰਘ ਨੇ 22 ਏਕੜ ਜਮੀਨ ਵਿੱਚ ਕੀਤੀ ਕਣਕ ਦੀ ਬਿਜਾਈ
ਮੋਗਾ, 10 ਜਨਵਰੀ,
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਮੋਗਾ ਵੱਲੋਂ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਸਬੰਧੀ ਸਫ਼ਲਤਾ-ਪੂਰਵਕ ਮੁਹਿੰਮ ਤੋਂ ਬਾਅਦ ਜ਼ਿਲ੍ਹਾ ਮੋਗਾ ਵਿਚਲੇ ਅਗਾਂਹਵਧੂ ਕਿਸਾਨਾਂ, ਜਿਹਨਾਂ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਹੈ, ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਖੇਤਾਂ ਵਿਚ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਪਰਾਲੀ ਨੂੰ ਖੇਤ 'ਚ ਸਾਂਭਣ ਦੇ ਫ਼ਾਇਦਿਆਂ ਅਤੇ ਕਿਸਾਨਾਂ ਦੁਆਰਾ ਕਣਕ ਦੀ ਬਿਜਾਈ ਲਈ ਵਰਤੀਆਂ ਵੱਖ-ਵੱਖ ਤਕਨੀਕਾਂ ਬਾਰੇ ਸਰਵੇਖਣ ਕੀਤਾ ਜਾ ਰਿਹਾ ਹੈ।
ਇਸ ਕਾਰਜ ਅਧੀਨ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਕਰਨਜੀਤ ਸਿੰਘ ਗਿੱਲ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਗਦੀਪ ਸਿੰਘ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਤਪਤੇਜ ਸਿੰਘ ਵੱਲੋਂ ਪਿੰਡ ਸਲੀਣਾ ਦੇ ਅਗਾਂਹਵਧੂ ਕਿਸਾਨ ਸ. ਤਰਸੇਮ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ। ਅਗਾਂਹਵਧੂ ਕਿਸਾਨ ਦੀ ਸ਼ਲਾਘਾ ਕਰਦਿਆਂ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਕਿਸਾਨ ਵਲੋਂ 22 ਏਕੜ ਜ਼ਮੀਨ ਵਿਚ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਗਈ ਹੈ।
ਇਸ ਸਮੇਂ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੇ ਸੁਪਰ ਸੀਡਰ, ਹੈਪੀ ਸੀਡਰ, ਮਲਚਰ ਦੀ ਵਰਤੋਂ ਕਰਕੇ ਵੱਖ-ਵੱਖ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਹੈ। ਕਣਕ ਦੀ ਬਿਜਾਈ ਲਈ ਵਰਤੀਆਂ ਵੱਖ-ਵੱਖ ਤਕਨੀਕਾਂ ਵਿੱਚੋਂ ਸਭ ਤੋਂ ਸਫ਼ਲ ਅਤੇ ਕਾਮਯਾਬ ਤਕਨੀਕ ਮਲਚਰ+ਸੂਪਰ ਸੀਡਰ ਰਹੀ ਹੈ। ਇਸ ਤਕਨੀਕ ਨਾਲ ਕਣਕ ਦੀ ਬਿਜਾਈ ਦਾ ਖਰਚਾ ਵੀ ਘੱਟ ਹੋਇਆ, ਕਣਕ ਦਾ ਜੰਮ ਵੀ ਬਹੁਤ ਵਧੀਆ ਰਿਹਾ ਅਤੇ ਕਣਕ ਦਾ ਗੁਲਾਬੀ ਸੁੰਡੀ ਦੇ ਹਮਲੇ ਤੋਂ ਵੀ ਪੂਰਨ ਤੌਰ ਉਪਰ ਬਚਾਅ ਰਿਹਾ। ਇਸ ਵਿਧੀ ਨਾਲ ਬੀਜੀ ਕਣਕ ਵਿੱਚ ਨਦੀਨ ਵੀ ਬਿਲਕੁਲ ਹੀ ਨਾ-ਮਾਤਰ ਹੁੰਦੇ ਹਨ।
ਇਸ ਸਮੇਂ ਡਾ. ਕਰਨਜੀਤ ਸਿੰਘ ਗਿੱਲ ਨੇ ਇਹ ਵੀ ਦੱਸਿਆ ਕਿ ਜਦੋਂ ਫ਼ਸਲ ਪੱਕਣ ਲਈ ਤਿਆਰ ਹੁੰਦੀ ਹੈ, ਜੇਕਰ ਉਸ ਸਮੇਂ ਬੇ-ਮੌਸਮੀ ਬਾਰਿਸ਼ ਹੋ ਜਾਵੇ ਤਾਂ ਮਲਚਿੰਗ ਵਿਧੀ ਨਾਲ ਬੀਜੀ ਕਣਕ ਦੀ ਫ਼ਸਲ ਡਿੱਗਦੀ ਨਹੀਂ। ਇਸ ਬਾਰੇ ਕਿਸਾਨ ਸ. ਤਰਸੇਮ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ 2022-23 ਹਾੜੀ ਸੀਜ਼ਨ ਦੌਰਾਨ ਬੇ-ਮੌਸਮੀ ਬਾਰਿਸ਼ਾਂ ਨਾਲ ਆਲੇ-ਦੁਆਲੇ ਦੇ ਖੇਤਾਂ ਵਿੱਚ ਕਣਕ ਦੀ ਫ਼ਸਲ ਡਿੱਗਣ ਕਾਰਨ ਕਿਸਾਨ ਵੀਰਾਂ ਦਾ ਕਾਫੀ ਨੁਕਸਾਨ ਵੀ ਹੋਇਆ ਸੀ, ਪ੍ਰੰਤੂ ਮੈਂ ਮਲਚਿੰਗ ਵਿਧੀ ਨਾਲ ਜੋ ਕਣਕ ਬੀਜੀ ਸੀ, ਉਸ ਉਪਰ ਕੋਈ ਵੀ ਮਾੜ੍ਹਾ ਅਸਰ ਨਹੀਂ ਪਿਆ। ਇਸੇ ਕਾਰਨ ਹੀ ਉਸ ਸਮੇਂ ਡਾ. ਸਤਬੀਰ ਸਿੰਘ ਗੋਸਲ, ਵੀ.ਸੀ. ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਪਣੀ ਟੀਮ ਨਾਲ ਉਸਦੇ ਖੇਤ ਦਾ ਦੌਰਾ ਵੀ ਕੀਤਾ ਗਿਆ ਅਤੇ ਕਿਸਾਨ ਮੇਲੇ ਦੌਰਾਨ ਉਸਨੂੰ ਸਨਮਾਨਿਤ ਵੀ ਕੀਤਾ ਗਿਆ।
ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਕਨੀਕ ਨੂੰ ਅਪਨਾਉਣ ਅਤੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਦੀ ਤਰ੍ਹਾਂ ਖੇਤੀ-ਖਰਚ ਘਟਾਉਣ ਵੱਲ ਧਿਆਨ ਦੇਣ, ਤਾਂ ਜੋ ਖੇਤੀ ਨੂੰ ਇੱਕ ਲਾਹੇਵੰਦ ਕਿੱਤਾ ਬਣਾਇਆ ਜਾ ਸਕੇ।