ਰੋਜ਼ਗਾਰ ਦਫ਼ਤਰ ਮੋਗਾ ਵੱਲੋਂ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਵਿਖੇ ਕੀਤਾ ਗਿਆ ਮਾਸ ਕਾਊਂਸਲਿੰਗ ਪ੍ਰੋਗਰਾਮ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਰੋਜ਼ਗਾਰ ਦਫ਼ਤਰ ਮੋਗਾ ਵੱਲੋਂ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਵਿਖੇ ਕੀਤਾ ਗਿਆ ਮਾਸ ਕਾਊਂਸਲਿੰਗ ਪ੍ਰੋਗਰਾਮ
ਮੋਗਾ, 19 ਨਵੰਬਰ,
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਉਪਰਾਲਿਆਂ ਦੀ ਲੜੀ ਤਹਿਤ ਵਿਭਾਗ ਵੱਲੋਂ ਸਕੂਲ, ਕਾਲਜ ਦੇ ਵਿਦਿਆਰਥੀਆਂ ਨੂੰ ਗਾਈਡੈਂਸ ਮੁਹੱਈਆ ਕਰਵਾਉਣ ਲਈ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਹਰ ਸਾਲ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਾਸ ਕਾਊਂਸਲਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਵਾਰ ਵੀ ਨਵੰਬਰ ਮਹੀਨੇ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ, ਮੋਗਾ ਦੇ ਸਹਿਯੋਗ ਨਾਲ ਮਾਸ ਕਾਊਂਸਲਿੰਗ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਸ੍ਰੀਮਤੀ ਡਿੰਪਲ ਥਾਪਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਨੇ ਦੱਸਿਆ ਕਿ ਬਿਊਰੋ ਵੱਲੋਂ ਗਾਈਡੈਂਸ ਕਾਊਂਸਲਰ ਬਲਰਾਜ ਸਿੰਘ ਖਹਿਰਾ ਅਤੇ ਪਲੇਸਮੈਂਟ ਅਫਸਰ ਸੋਨੀਆ ਬਾਜਵਾ ਦੀ ਅਗਵਾਈ ਹੇਠ ਗਾਈਡੈਂਸ ਕਾਊਂਸਲਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹਨਾਂ ਵੱਲੋਂ ਜ਼ਿਲ੍ਹਾ ਮੋਗਾ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸ਼ਡਿਊਲ ਤਿਆਰ ਕਰਕੇ ਮਾਸ ਕਾਊਂਸਲਿੰਗ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਤਹਿਤ ਮਿਤੀ 18 ਨਵੰਬਰ 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਬੀ. ਗੜ੍ਹ, ਮੋਗਾ ਵਿਖੇ ਮਾਸ ਕਾਊਂਸਲਿੰਗ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਇਸ ਦਫ਼ਤਰ ਦੇ ਕਾਊਂਸਲਰ ਵੱਲੋਂ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ-ਨਾਲ ਚੰਗਾ ਕਰੀਅਰ ਬਣਾਉਣ ਸਬੰਧੀ ਨੁਕਤਿਆਂ ਬਾਰੇ ਦੱਸਿਆ ਗਿਆ।
ਮਾਸ ਕਾਊਂਸਲਿੰਗ ਸੈਸ਼ਨ ਵਿੱਚ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਨੇ ਇੰਜੀਨੀਅਰਿੰਗ ਅਤੇ ਮਕੈਨੀਕਲ ਕੋਰਸਾਂ, ਵਜ਼ੀਫਾ ਸਕੀਮਾਂ, ਸਵੈ-ਰੋਜ਼ਗਾਰ, ਉਚੇਰੀ ਪੜ੍ਹਾਈ ਨਾਲ ਸਬੰਧਤ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਦਿੱਤੀ। ਬਲਜੋਤ ਸਿਘ ਮਾਨ ਜ਼ਿਲ੍ਹਾ ਮੱਛੀ ਪਾਲਣ ਅਫ਼ਸਰ, ਮੋਗਾ ਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਸਮੇਤ ਪੰਜਾਬ ਵਿੱਚ ਚੱਲ ਰਹੇ ਡੇਅਰੀ, ਮੱਛੀ ਅਤੇ ਖੇਤੀਬਾੜੀ ਨਾਲ ਸਬੰਧਤ ਕੋਰਸਾਂ ਅਤੇ ਇਹਨਾਂ ਕੋਰਸਾਂ ਨਾਲ ਮਿਲਣ ਵਾਲੇ ਰੋਜ਼ਗਾਰ ਬਾਰੇ ਬਹੁਮੱਲੀ ਜਾਣਕਾਰੀ ਦਿੱਤੀ।
ਇਸ ਉਪਰੰਤ ਪਰਮਿੰਦਰ ਸ਼ਰਮਾ, ਮਸ਼ੀਨਿਸ਼ਟ ਆਈ.ਟੀ.ਆਈ. ਮੋਗਾ ਨੇ ਵਿਦਿਆਰਥੀਆਂ ਨੂੰ ਆਈ.ਟੀ.ਆਈ ਨਾਲ ਸਬੰਧਤ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰੋਜ਼ਗਾਰ ਬਿਊਰੋ, ਮੋਗਾ ਵੱਲੋਂ ਵਿਦਿਆਰਥੀਆਂ ਲਈ ਕਿੱਤਾ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਰਾਹੀਂ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਅਤੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਗਾਈਡੈਂਸ ਕਾਊਂਸਲਰ ਨਵਜੋਤ ਸਿੰਘ ਦਿਓਲ ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ। ਅੰਤ ਵਿੱਚ ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਵੱਲੋਂ ਆਏ ਗਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।