ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਫੀਸਦੀ ਤੱਕ ਸਬਸਿਡੀ ਉਪਲੱਬਧ
ਸ੍ਰੀ ਕਸ਼ਮੀਰ ਸਿੰਘ ਸੰਯੁਕਤ ਡਾਇਰੈਕਟਰ ਡੇਅਰੀ ਵਿਕਾਸ, ਮੋਹਾਲੀ ਜੀ ਨੇ ਦੱਸਿਆ ਕਿ ਪਸੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਮੂੰਹ ਖੁਰ, ਲੰਪੀ ਸਕਿੱਨ, ਗੱਲਘੋਟੂ ਆਦਿ ਕਾਰਨ ਕਈ ਵਾਰ ਪਸੂਆਂ ਦੀ ਮੋਤ ਹੋ ਜਾਂਦੀ ਹੈ। ਇਨ੍ਹਾਂ ਮੋਤਾਂ ਨਾਲ ਛੋਟੇ ਅਤੇ ਦਰਮਿਆਣੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ, ਭਾਵੇ ਕਿ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋ ਪਸ਼ੂਆਂ ਦਾ ਸਮੇਂ ਸਮੇਂ ਤੇ ਟੀਕਾਕਰਨ ਕੀਤਾ ਜਾਂਦਾ ਹੈ , ਪਰ ਫਿਰ ਵੀ ਸਰਕਾਰ ਵੱਲੋ ਪਸ਼ੂ-ਧਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ ,ਪੰਜਾਬ ਵੱਲੋ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਮੱਝਾਂ ਅਤੇ ਗਾਵਾਂ ਦੇ ਬੀਮੇ ਦੀ ਰਾਸ਼ੀ ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਪ੍ਰਤੀਸ਼ਤ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਫਾਰਮਰ 1 ਤੋ 5 ਪਸ਼ੂਆਂ ਦਾ ਬੀਮਾ ਕਰਵਾ ਸਕਦਾ ਹੈ। ਇਸ ਸਕੀਮ ਤਹਿਤ ਪ੍ਰਤੀ ਪਸੂ ਦੀ ਕੀਮਤ 70 ਹਜਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਸਕੀਮ ਅਧੀਨ 1 ਸਾਲ ਦਾ ਬੀਮਾਂ ਐਸ.ਸੀ ਅਤੇ ਐਸ.ਟੀ ਫਾਰਮਰਾਂ ਦੇ ਪਸੂਆਂ ਲਈ 672 ਰੁਪਏ ਵਿੱਚ, 2 ਸਾਲ ਦਾ ਬੀਮਾਂ 1260 ਰੁਪਏ ਵਿੱਚ ਅਤੇ 3 ਸਾਲ ਦਾ ਬੀਮਾਂ 1680 ਰੁਪਏ ਪ੍ਰਤੀ ਪਸ਼ੂ ਅਦਾ ਕਰਕੇ ਕਰਵਾ ਸਕਦਾ ਹੈ। ਜਨਰਲ ਜਾਤੀ ਦੇ ਫਾਰਮਰਾਂ ਦੇ ਪਸੂਆਂ ਦਾ ਬੀਮਾਂ 1 ਸਾਲ ਲਈ 1120 ਰੁਪਏ ਵਿੱਚ, 2 ਸਾਲ ਦਾ ਬੀਮਾਂ 2100/- ਰੁਪਏ ਵਿੱਚ ਅਤੇ 3 ਸਾਲ ਦਾ ਬੀਮਾਂ 2800/- ਰੁਪਏ ਪ੍ਰਤੀ ਪਸ਼ੂ ਅਦਾ ਕਰਕੇ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸ ਨੇ ਬੈਂਕ ਤੋਂ ਡੇਅਰੀ ਕਰਜਾ ਲਿਆ ਹੈ ਜਾ ਨਹੀਂ ਲਿਆ ਹੈ, ਕਿਸਾਨ ਕ੍ਰੈਡਿਟ ਕਾਰਡ ਸਕੀਮ ਲਈ ਹੈ ਜਾ ਨਹੀਂ ਲਈ ਹੈ, ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਸਿੱਧੇ ਤੌਰ ਤੇ ਡੇਅਰੀ ਕਿੱਤਾ ਕਰਨ ਵਾਲੇ ਕਿਸਾਨ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਜਿਲ੍ਹਾ ਪਠਾਨਕੋਟ ਦੇ ਸਮੂਹ ਦੁੱਧ ਉਤਪਾਦਕ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ। ਜਿਲ੍ਹਾ ਪਠਾਨਕੋਟ ਨਾਲ ਸਬੰਧਤ ਦੁੱਧ ਉਤਪਾਦਕ ਵਧੇਰੇ ਜਾਣਕਾਰੀ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਜੀ ਮੰਜਿਲ, ਕਮਰਾ ਨੰ: 345-ਏ ਵਿਖੇ ਅਤੇ ਫੋਨ ਨੰਬਰ 9878528364, 8284968878, 9876260243 ਤੇ ਸਪੰਰਕ ਕਰ ਸਕਦੇ ਹਨ।