ਐਸ.ਡੀ.ਐਮ ਦੁਧਨਸਾਧਾਂ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਤੇ ਨੋਡਲ ਅਧਿਕਾਰੀਆਂ ਨਾਲ ਬੈਠਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਐਸ.ਡੀ.ਐਮ ਦੁਧਨਸਾਧਾਂ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਤੇ ਨੋਡਲ ਅਧਿਕਾਰੀਆਂ ਨਾਲ ਬੈਠਕ
ਮਸ਼ੀਨਰੀ ਉਪਲਬੱਧ ਕਰਵਾਉਣ ਲਈ ਕਿਸਾਨਾਂ ਨਾਲ ਰੱਖਿਆ ਜਾਵੇ ਸਿੱਧਾ ਰਾਬਤਾ : ਕ੍ਰਿਪਾਲਵੀਰ ਸਿੰਘ
ਦੇਵੀਗੜ੍ਹ, 1 ਨਵੰਬਰ:
ਉਪ ਮੰਡਲ ਮੈਜਿਸਟਰੇਟ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਪਰਾਲੀ ਪ੍ਰਬੰਧਨ ਕਰਵਾਉਣ ਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਏ ਕਲੱਸਟਰ ਤੇ ਨੋਡਲ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਅੰਦਰ ਜੇਕਰ ਪਰਾਲੀ ਨੂੰ ਅੱਗ ਲੱਗਣ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਪਿੰਡ ਵਿੱਚ ਤੈਨਾਤ ਵਿਲੇਜ਼ ਲੈਵਲ ਅਫ਼ਸਰ ਇਸ ਦੀ ਸੂਚਨਾ ਤੁਰੰਤ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਤਾਂ ਜੋ ਇਸ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਤੈਨਾਤ ਅਧਿਕਾਰੀ ਸੱਥਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਵਾਲੀ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਅਤੇ ਮਸ਼ੀਨਰੀ ਦੀ ਬੁਕਿੰਗ ਸਬੰਧੀ ’ਉੱਨਤ ਕਿਸਾਨ’ ਐਪ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਸ਼ੀਨਰੀ ਦੀ ਬੁਕਿੰਗ ਕਰਵਾਉਣ ਵਿੱਚ ਵੀ ਸਹਾਇਤਾ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਵਾਤਾਵਰਣ ਤੇ ਜ਼ਮੀਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਹੁੰਦੇ ਜਾ ਰਹੇ ਹਨ ਤੇ ਬਸ ਲੋੜ ਹੈ ਕਿ ਉਨ੍ਹਾਂ ਨੂੰ ਇਸ ਦੇ ਹੱਲ ਵੱਲ ਤੋਰਨਾ ਇਸ ਲਈ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਇਨ ਸੀਟੂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਐਸਡੀਐਮ ਨੇ ਕਿਹਾ ਕਿ ਪਿੰਡਾਂ ਵਿੱਚ ਤੈਨਾਤ ਅਧਿਕਾਰੀ ਕਿਸਾਨਾਂ ਨਾਲ ਸਿੱਧਾ ਰਾਬਤਾ ਬਣਾਕੇ ਰੱਖਣ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ ਮਸ਼ੀਨਰੀ ਦੀ ਬੁਕਿੰਗ ਕਰਵਾਈ ਗਈ ਹੈ ਉਨ੍ਹਾਂ ਪਾਸੋਂ ਵੀ ਫੀਡ ਬੈਕ ਪ੍ਰਾਪਤ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਫੀਡ ਬੈਕ ਅਨੁਸਾਰ ਹੋਰ ਸੁਧਾਰ ਕੀਤੇ ਜਾ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਇਸ ਲਈ ਕਿਸਾਨ ਵੀਰ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ।