ਟਮਾਟਰ ਦੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕੇਵੀਕੇ ਨੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ
ਟਮਾਟਰ ਦੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕੇਵੀਕੇ ਨੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ
-ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡ ਅਸਰਪੁਰ ਵਿਖੇ ਮਨਾਇਆ ਖੇਤ ਦਿਵਸ
ਪਟਿਆਲਾ, 16 ਜਨਵਰੀ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਪਿੰਡ ਅਸਰਪੁਰ ਵਿਖੇ ਟਮਾਟਰ ਦੀ ਫ਼ਸਲ ਦੀਆਂ ਬਿਮਾਰੀਆਂ ਦੀ ਰੋਕਥਾਮ ਦੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਖੇਤ ਦਿਵਸ ਮਨਾਇਆ ਗਿਆ। ਇਸ ਖੇਤ ਦਿਵਸ ਵਿਚ ਪਿੰਡ ਅਸਰਪੁਰ, ਜੋਗੀਪੁਰ, ਫਤਿਹਪੁਰ, ਕਰਤਾਰਪੁਰ ਅਤੇ ਪੂਨੀਆ ਦੇ ਤਕਰੀਬਨ 80 ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਦੇ ਨਾਲ-ਨਾਲ ਪੀ.ਏ.ਯੂ., ਲੁਧਿਆਣਾ ਦੇ ਸਬਜ਼ੀ ਵਿਭਾਗ ਅਤੇ ਪੌਦਾ ਰੋਗ ਵਿਭਾਗ ਦੇ ਵਿਗਿਆਨੀਆਂ ਨੇ ਉਚੇਚੇ ਤੌਰ ਤੇ ਭਾਗ ਲਿਆ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕੇ.ਵੀ.ਕੇ. ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਅਤੇ ਕਿਸਾਨ ਮੇਲਿਆਂ ਆਦਿ ਬਾਰੇ ਜਾਣਕਾਰੀ ਦਿੱਤੀ। ਪੀ.ਏ.ਯੂ. ਤੋਂ ਆਏ ਪ੍ਰਿੰਸੀਪਲ ਸਬਜ਼ੀ ਬਰੀਡਰ ਡਾ. ਸ਼ੈਲੇਸ਼ ਜਿੰਦਲ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਟਮਾਟਰ ਦੀਆਂ ਸੁਧਰੀਆਂ ਕਿਸਮਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਅਤੇ ਟਮਾਟਰ ਦੀ ਫ਼ਸਲ ਦੇ ਉਤਪਾਦਨ ਦੀਆਂ ਵਿਗਿਆਨਕ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਡਾ. ਸੰਦੀਪ ਜੈਨ ਨੇ ਟਮਾਟਰ ਦੀ ਫ਼ਸਲ ਨੂੰ ਪੈਣ ਵਾਲੀ ਗੰਭੀਰ ਬਿਮਾਰੀ ਪਿਛੇਤੇ ਝੁਲਸ ਰੋਗ ਤੋਂ ਬਚਣ ਲਈ ਸਰਵਪੱਖੀ ਰੋਕਥਾਮ ਦੇ ਉਪਰਾਲੇ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਫੈਸਰ ਡਾ. ਗੁਰਉਪਦੇਸ਼ ਕੌਰ ਨੇ ਪੌਸ਼ਟਿਕ ਖ਼ੁਰਾਕ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ।
ਇਸ ਪ੍ਰੋਗਰਾਮ ਵਿਚ ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਟਮਾਟਰ ਦੀ ਸਿਹਤਮੰਦ ਨਰਸਰੀ ਤਿਆਰ ਕਰਨ ਦੇ ਨੁਕਤੇ ਸਾਂਝੇ ਕੀਤੇ। ਇਸ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਦੇ ਨੁਕਤਿਆਂ ਬਾਰੇ ਜਾਗਰੂਕ ਕਰਵਾਇਆ।
ਇਸ ਪ੍ਰੋਗਰਾਮ ਵਿਚ ਅਸਰਪੁਰ ਅਤੇ ਨਾਲ ਦੇ ਪਿੰਡਾਂ ਤੋਂ ਆਏ ਅਗਾਂਹਵਧੂ ਕਿਸਾਨਾਂ ਗੁਰਮੀਤ ਸਿੰਘ, ਬਰਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਨੇ ਟਮਾਟਰ ਦੀ ਫ਼ਸਲ ਦੇ ਉਤਪਾਦਨ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਵਿਗਿਆਨੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਹੱਲ ਜਾਣੇ। ਪਿੰਡ ਦੇ ਕਿਸਾਨਾਂ ਨੇ ਵਿਗਿਆਨੀਆਂ ਦੀ ਟੀਮ ਦਾ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ।