ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮਾਤਾ ਖੀਵੀ ਬਿਰਧ ਘਰ ਵਿਖੇ ਬਜ਼ੁਰਗਾਂ ਨਾਲ ਮਨਾਈ ਦਿਵਾਲੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮਾਤਾ ਖੀਵੀ ਬਿਰਧ ਘਰ ਵਿਖੇ ਬਜ਼ੁਰਗਾਂ ਨਾਲ ਮਨਾਈ ਦਿਵਾਲੀ
ਬਜ਼ੁਰਗਾਂ ਨੂੰ ਦਿੱਤੀ ਦਿਵਾਲੀ ਦੀ ਵਧਾਈ, ਕਿਹਾ, ਪ੍ਰਸ਼ਾਸਨ ਹਰ ਸਮੇਂ ਬਜ਼ੁਰਗਾਂ ਦੀ ਸਹਾਇਤਾ ਲਈ ਤਤਪਰ
ਪਟਿਆਲਾ, 29 ਅਕਤੂਬਰ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਿਵਾਲੀ ਦੀ ਖੁਸ਼ੀ ਮਨਾਉਣ ਲਈ ਇੱਥੇ ਮੈਣ-ਸੂਲਰ ਰੋਡ 'ਤੇ ਸਥਿਤ ਮਾਤਾ ਖੀਵੀ ਬਿਰਧ ਘਰ ਵਿਖੇ ਪੁੱਜੇ। ਇਸ ਮੌਕੇ ਉਨ੍ਹਾਂ ਨੇ ਬਜ਼ੁਰਗਾਂ ਨੂੰ ਮਠਿਆਈ ਵੰਡੀ ਅਤੇ ਦਿਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਮਾਤਾ ਖੀਵੀ ਬਿਰਧ ਘਰ ਵਿਖੇ ਰਹਿ ਰਹੇ ਬਜ਼ੁਰਗਾਂ ਨੂੰ ਇਕੱਲੇ-ਇਕੱਲੇ ਨੂੰ ਮਿਲਦਿਆਂ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਭਰੋਸਾ ਦਿੱਤਾ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰਸ਼ਾਸਨਿਕ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਬੇਝਿਜਕ ਉਨ੍ਹਾਂ ਨੂੰ ਮਿਲ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਅਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਨਾਗਰਿਕਾਂ ਅਤੇ ਖਾਸ ਕਰਕੇ ਬਜ਼ੁਰਗਾਂ ਦੀ ਸਹਾਇਤਾ ਲਈ ਹਰ ਸਮੇਂ ਤਤਪਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਕਰ ਸਕਦਾ ਹੈ।
ਡਾ. ਪ੍ਰੀਤੀ ਯਾਦਵ ਨੇ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਸਾਰੇ ਬਜ਼ੁਰਗ ਤੰਦਰੁਸਤ ਰਹਿਣ, ਦਿਵਾਲੀ ਖੁਸ਼ੀਆਂ ਭਰੀ ਹੋਵੇ ਅਤੇ ਆਉਣ ਵਾਲਾ ਸਾਲ ਉਨ੍ਹਾਂ ਲਈ ਖੁਸ਼ੀਆਂ ਭਰਿਆ ਆਵੇ। ਬਜ਼ੁਰਗਾਂ ਨੇ ਵੀ ਡਿਪਟੀ ਕਮਿਸ਼ਨਰ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੀ ਖੁਸ਼ੀ ਤੇ ਤਰੱਕੀ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਲਈ ਗਰਮ ਕੱਪੜੇ ਤੇ ਲੋਈਆਂ, ਸ਼ਾਲ ਤੇ ਹੋਰ ਲੋੜੀਂਦੀਆਂ ਵਸਤਾਂ ਵੀ ਬਿਰਧ ਘਰ ਨੂੰ ਪ੍ਰਦਾਨ ਕੀਤੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਮਾਤਾ ਖੀਵੀ ਬਿਰਧ ਘਰ ਦੇ ਮੈਨੇਜਰ ਗੁਰਬਖ਼ਸ਼ ਸਿੰਘ, ਕੇਅਰ ਟੇਕਰ ਰਵਿੰਦਰ ਸਿੰਘ ਵੀ ਮੌਜੂਦ ਸਨ।