ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬਾ ਸਰਕਾਰ ਨੇ ਸਿੱਖਿਆ ਨੂੰ ਤਰਜੀਹੀ ਖੇਤਰ ਮੰਨਕੇ ਅਹਿਮ ਨੀਤੀਗਤ ਤਬਦੀਲੀਆਂ ‘ਤੇ ਦਿੱਤਾ ਜੋਰ: ਗੁਰਲਾਲ ਘਨੌਰ
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬਾ ਸਰਕਾਰ ਨੇ ਸਿੱਖਿਆ ਨੂੰ ਤਰਜੀਹੀ ਖੇਤਰ ਮੰਨਕੇ ਅਹਿਮ ਨੀਤੀਗਤ ਤਬਦੀਲੀਆਂ ‘ਤੇ ਦਿੱਤਾ ਜੋਰ: ਗੁਰਲਾਲ ਘਨੌਰ
-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਗਾਵਾਂ, ਸੰਧਾਰਸੀ ਅਤੇ ਪਿੰਡ ਮਰਦਾਂਪੁਰ ਵਿਖੇ ਵਿਕਾਸ ਕਾਰਜ ਕੀਤੇ ਲੋਕ ਅਰਪਿਤ
-ਕਿਹਾ, ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਹੁਣ ਵਿਸ਼ਵ ਪੱਧਰ ’ਤੇ ਨਾਮਣਾ ਖੱਟਣਗੇ
ਘਨੌਰ,15 ਅਪ੍ਰੈਲ:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹਲਕਾ ਘਨੌਰ ਚ ਪੈਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਗਾਵਾਂ ਵਿਖੇ 60 ਲੱਖ ਰੁਪਏ ਦੀਆਂ ਗ੍ਰਾਂਟਾਂ ਨਾਲ ਹੋਏ ਵਿਕਾਸ ਕਾਰਜਾਂ ਦਾ ਲੋਕ ਅਰਪਣ ਕਰਦੇ ਹੋਏ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਖੇਤਰ ਵਿੱਚ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਇਸੇ ਲੜੀ ਤਹਿਤ ਵਿਧਾਇਕ ਗੁਰਲਾਲ ਘਨੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੰਧਾਰਸੀ ਅਤੇ ਸਕੂਲ ਆਫ ਐਮੀਨੈਂਸ ਪਿੰਡ ਮਰਦਾਂਪੁਰ ਦੇ ਸਰਕਾਰੀ ਸਕੂਲ ਵਿੱਚ ਵੀ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ। ਇਸ ਮੌਕੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਜਦਕਿ ਸਕੂਲ ਮੁਖੀ ਨੇ ਵਿਧਾਇਕ ਗੁਰਲਾਲ ਘਨੌਰ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਣ ਵੀ ਕੀਤਾ। ਆਪਣੇ ਸੰਬੋਧਨ ਦੌਰਾਨ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਵੱਧਦਾ ਪੰਜਾਬ ਬਦਲਦਾ ਪੰਜਾਬ ਸਿੱਖਿਆ ਕ੍ਰਾਂਤੀ ਅਭਿਆਨ ਤਹਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਨੂੰ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨ, ਫਰਨੀਚਰ, ਪੀਣ ਵਾਲਾ ਸਾਫ਼ ਪਾਣੀ, ਕਲਾਸ ਰੂਮ, ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਸੂਬੇ ਦੇ ਸਰਕਾਰੀ ਸਕੂਲ ਅੱਜ ਨਵੀਆਂ ਬੁਲੰਦੀਆਂ ਛੂਹ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸਰਕਾਰੀ ਸਕੂਲ ਦੇਸ਼ ਹੀ ਨਹੀਂ ਅੰਤਰਰਾਸ਼ਟਰੀ ਪੱਧਰ ‘ਤੇ ਇਕ ਨੰਬਰ ‘ਤੇ ਹੋਣਗੇ ਅਤੇ ਸਾਡੇ ਵਿਦਿਆਰਥੀ ਵਿਸ਼ਵ ਪੱਧਰ ’ਤੇ ਨਾਮਨਾ ਖੱਟਣਗੇ।
ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਅਤੇ ਵਿੱਦਿਆ ਚਾਨਣ ਦਾ ਸਰੋਤ ਹੋਣ ਕਰਕੇ ਮਾਨ ਸਰਕਾਰ ਨੇ ਸਿੱਖਿਆ ਨੂੰ ਤਰਜੀਹੀ ਖੇਤਰ ਮੰਨਦੇ ਹੋਏ ਇਸ ਪ੍ਰਤੀ ਅਹਿਮ ਨੀਤੀਗਤ ਤਬਦੀਲੀਆਂ ‘ਤੇ ਜੋਰ ਦਿੱਤਾ ਹੈ ਤਾਂ ਜੋ ਸਿੱਖਿਆ ਲਈ ਸਮੇਂ ਦੇ ਹਾਣ ਦੀਆਂ ਨੀਤੀਆਂ ਨੂੰ ਨਿਰਧਾਰਤ ਕਰਕੇ ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਅਨੁਕੂਲ ਸਿੱਖਣ-ਸਿਖਾਉਣ ਵਾਲਾ ਮਾਹੌਲ ਦੇਣ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਵਿਧਾਇਕ ਗੁਰਲਾਲ ਘਨੌਰ ਨੇ ਅਧਿਆਪਕਾਂ ਦਾ ਸਮਾਜ ਵਿੱਚ ਮਾਣ ਸਤਿਕਾਰ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਧਿਆਪਕਾਂ ਦਾ ਵੀ ਇਹ ਫਰਜ਼ ਹੈ ਕਿ ਉਹ ਵੀ ਪੂਰੀ ਪ੍ਰਤੀਬੱਧਤਾ, ਇਮਾਨਦਾਰੀ ਅਤੇ ਲਗਨ ਨਾਲ ਵਿਦਿਆਰਥੀਆਂ ਦੀ ਅਗਵਾਈ ਕਰਦੇ ਹੋਏ ਉਚੇਰੀ ਸਿੱਖਿਆ ਨੂੰ ਤਰਜੀਹ ਦੇਣ। ਉਨ੍ਹਾਂ ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਚੰਗੇ ਨਤੀਜੇ ਲੈ ਕੇ ਆਏ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਸਨਮਾਨਿਤ ਵੀ ਕੀਤਾ।ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਦੌਲਤ ਰਾਮ ਲੈਕਚਰਾਰ ਫਿਜ਼ਿਕ੍ਸ ਬੀਪੀਈਓ ਸੁਰਜੀਤ ਸਿੰਘ ਸਕੂਲ ਮੁਖੀ ਰਾਜਕੁਮਾਰ, ਸਕੂਲ ਮੁਖੀ ਕੁਲਵੀਰ ਕੌਰ, ਸਰਪੰਚ ਜਗਬੀਰ ਸਿੰਘ ਜੱਗੀ, ਸਰਪੰਚ ਇੰਦਰਜੀਤ ਸਿਆਲੂ, ਗੁਰਤਾਜ ਸਿੰਘ ਸੰਧੂ ਸਮੇਤ ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਸਰਪੰਚ, ਪੰਚ, ਮਿਊਂਸੀਪਲ ਕੌਂਸਲਰ, ਪ੍ਰੋਗਰਾਮ ਹਲਕਾ ਕੋਆਰਡੀਨੇਟਰ, ਪ੍ਰੋਗਰਾਮ ਵਿਭਾਗ ਕੋਆਰਡੀਨੇਟਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਅਤੇ ਸਕੂਲੀ ਬੱਚਿਆਂ ਦੇ ਮਾਪੇ ਮੌਜੂਦ ਸਨ।