ਸੀ.ਐਮ. ਦੀ ਯੋਗਸ਼ਾਲਾ ਦੀਆਂ 209 ਕਲਾਸਾਂ ਦਾ ਪਟਿਆਲਾ ਜ਼ਿਲ੍ਹੇ ਅੰਦਰ 10 ਹਜ਼ਾਰ ਤੋਂ ਵੀ ਵਧੇਰੇ ਲੋਕ ਰੋਜ਼ਾਨਾ ਲੈ ਰਹੇ ਨੇ ਲਾਭ
ਸੀ.ਐਮ. ਦੀ ਯੋਗਸ਼ਾਲਾ ਦੀਆਂ 209 ਕਲਾਸਾਂ ਦਾ ਪਟਿਆਲਾ ਜ਼ਿਲ੍ਹੇ ਅੰਦਰ 10 ਹਜ਼ਾਰ ਤੋਂ ਵੀ ਵਧੇਰੇ ਲੋਕ ਰੋਜ਼ਾਨਾ ਲੈ ਰਹੇ ਨੇ ਲਾਭ
-ਯੋਗਾ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ਤੇ ਮਜ਼ਬੂਤ ਬਣਾਉਦਾ ਹੈ
-ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਤੋਂ ਇੱਕ ਸਾਲ ਦਾ ਯੋਗਾ ਟ੍ਰੇਨਿੰਗ ਕੋਰਸ ਕਰਕੇ ਕੋਈ ਵੀ ਨੌਜਵਾਨ ਲਾਭ ਲੈ ਸਕਦਾ ਹੈ-ਭਾਵਨਾ ਭਾਰਤੀ
ਪਟਿਆਲਾ, 25 ਮਾਰਚ:
ਸੀ.ਐਮ ਦੀ ਯੋਗਸ਼ਾਲਾ ਦੀਆਂ ਪਟਿਆਲਾ ਜ਼ਿਲ੍ਹੇ ਅੰਦਰ ਰੋਜ਼ਾਨਾ ਲੱਗ ਰਹੀਆਂ 209 ਕਲਾਸਾਂ ਦਾ ਪਟਿਆਲਾ ਜ਼ਿਲ੍ਹੇ ਅੰਦਰ 10 ਹਜ਼ਾਰ ਤੋਂ ਵੀ ਵਧੇਰੇ ਲੋਕ ਰੋਜ਼ਾਨਾ ਲਾਭ ਲੈ ਰਹੇ ਹਨ।ਸੀ.ਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 ਅਪ੍ਰੈਲ 2023 ਨੂੰ ਪਟਿਆਲਾ ਵਿਖੇ ਕੀਤੀ ਗਈ ਸੀ, ਹੁਣ ਇਸ ਸਮੇਂ ਇਹ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਲ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਲੋਕਾਂ ਨੂੰ ਮੁਫਤ ਯੋਗ ਸਿਖਲਾਈ ਦੇਣ ਦਾ ਇਹੀ ਪ੍ਰੋਜੈਕਟ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ 38 ਯੋਗਾ ਟਰੇਨਰ ਤਾਇਨਾਤ ਕੀਤੇ ਗਏ ਹਨ।
ਡਾ. ਪ੍ਰੀਤੀ ਯਾਦਵ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਪ੍ਰਾਜੈਕਟ ਤੋਂ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਘੱਟ ਤੋਂ ਘੱਟ 25 ਵਿਅਕਤੀਆਂ ਦਾ ਇੱਕ ਯੋਗ ਗਰੁੱਪ ਬਣਾਇਆ ਜਾਂਦਾ ਹੈ। ਇਸ ਗਰੁੱਪ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਯੋਗ ਕਲਾਸ ਚਲਾਉਣ ਲਈ ਸਰਕਾਰ ਵੱਲੋਂ ਪ੍ਰਮਾਣਿਤ ਯੋਗ ਟੀਚਰ ਫਰੀ ਮੁਹੱਈਆ ਕਰਵਾਇਆ ਜਾਂਦਾ ਹੈ।ਚਾਹਵਾਨ ਲੋਕ ਘੱਟ ਤੋਂ ਘੱਟ 25 ਮੈਂਬਰਾਂ ਦਾ ਗਰੁੱਪ ਬਣਾ ਕੇ ਸੀਐਮ ਦੀ ਯੋਗਸ਼ਾਲਾ ਦੀ ਵੈਬਸਾਈਟ ਉਪਰ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੋਗਾ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ਤੇ ਮਜ਼ਬੂਤ ਬਣਾਉਦਾ ਹੈ।
ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੀ ਸੀ.ਐਮ ਦੀ ਯੋਗਸ਼ਾਲਾ ਦੀ ਕੋਆਰਡੀਨੇਟਰ ਭਾਵਨਾ ਭਾਰਤੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਜਿੱਥੇ ਰਾਜ ਦੇ ਲੋਕਾਂ ਨੂੰ ਧਿਆਨ ਅਤੇ ਯੋਗਾ ਅਭਿਆਸ ਰਾਹੀਂ ਸ਼ਰੀਰਿਕ ਮਾਨਸਿਕ ਅਤੇ ਸਮਾਜਿਕ ਤੌਰ ਤੇ ਮਜਬੂਤ ਬਣਾਉਣਾ ਹੈ ਉੱਥੇ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ।ਇਹ ਪ੍ਰੋਜੈਕਟ ਤਹਿਤ ਧਿਆਨ ਅਤੇ ਯੋਗ ਅਭਿਆਸ ਪ੍ਰਾਪਤ ਕਰਕੇ ਲੋਕਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧ ਰਹੀ ਹੈ ਅਤੇ ਲੋਕਾਂ ਨੂੰ ਹਸਪਤਾਲਾਂ ਵਿੱਚ ਜਾ ਕੇ ਮਹਿੰਗੇ ਇਲਾਜ ਤੋਂ ਛੁਟਕਾਰਾ ਮਿਲ ਗਿਆ ਹੈ।
ਭਾਵਨਾ ਭਾਰਤੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਰਾਜ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।ਇਹ ਪ੍ਰੋਜੈਕਟ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਪੰਜਾਬ ਹੁਸ਼ਿਆਰਪੁਰ ਦੀ ਸਰਪ੍ਰਸਤੀ ਅਧੀਨ ਚਲਾਈਆ ਜਾ ਰਿਹਾ ਹੈ, ਜਿਸ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਲਈ ਇਕ ਸਾਲ ਦਾ ਯੋਗ ਡਿਪਲੋਮਾ ਕੋਰਸ ਚਲਾਇਆ ਜਾ ਹੈ ਜਿਸਦੀ ਪੂਰੇ ਸਾਲ ਦੀ ਫੀਸ ਮਾਤਰ ਇਕ ਹਜਾਰ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰਸ ਦੀ ਸ਼ੁਰੂਆਤ ਤੋਂ ਚਾਰ ਮਹੀਨੇ ਬਾਅਦ ਸਰਕਾਰ ਵੱਲੋਂ ਹਰੇਕ ਵਿਦਿਆਰਥੀ ਨੂੰ 8 ਹਜਾਰ ਰੁਪਏ ਮਹੀਨਾ ਵਜੀਫੇ ਵਜੋਂ ਦਿੱਤੇ ਜਾਂਦੇ ਹਨ ਅਤੇ ਯੋਗਾ ਦੀ ਟ੍ਰੇਨਿੰਗ ਕਰਕੇ ਕੋਈ ਵੀ ਨੌਜਵਾਨ ਯੋਗਾ ਟ੍ਰੇਨਰ ਵਜੋਂ ਆਪਣਾ ਰੋਜ਼ਗਾਰ ਕਮਾ ਸਕਦਾ ਹੈ।