ਸਾਕੇਤ ਹਸਪਤਾਲ ’ਚ ਨਸ਼ਾ ਮੁਕਤ ਹੋਏ ਨੌਜਵਾਨਾਂ ਲਈ ਡੇਅਰੀ ਸਿਖਲਾਈ ਕੋਰਸ ਕੀਤਾ ਸ਼ੁਰੂ
ਸਾਕੇਤ ਹਸਪਤਾਲ ’ਚ ਨਸ਼ਾ ਮੁਕਤ ਹੋਏ ਨੌਜਵਾਨਾਂ ਲਈ ਡੇਅਰੀ ਸਿਖਲਾਈ ਕੋਰਸ ਕੀਤਾ ਸ਼ੁਰੂ
-ਸਮਾਜ ਦੀ ਮੁੱਖ ਧਾਰਾ ’ਚ ਸ਼ਾਮਲ ਹੋਣ ’ਚ ਨੌਜਵਾਨਾਂ ਲਈ ਸਹਾਈ ਹੋਣਗੇ ਕਿੱਤਾ ਮੁਖੀ ਕੋਰਸ
ਪਟਿਆਲਾ, 20 ਫਰਵਰੀ:
ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਕੇਤ ਹਸਪਤਾਲ ਪਟਿਆਲਾ ਵਿਖੇ ਨਸ਼ਾ ਮੁਕਤ ਹੋਏ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਸ਼ਾਮਲ ਕਰਨ ਦੇ ਮਕਸਦ ਨਾਲ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਗਿਆ ਹੈ।
ਅੱਜ ਆਰਸੇਟੀ ਦੇ ਡਾਇਰੈਕਟਰ ਭਗਵੰਤ ਸਿੰਘ ਵਰਮਾ ਅਤੇ ਕੋਆਰਡੀਨੇਟਰ ਹਰਦੀਪ ਸਿੰਘ ਰਾਏ ਤੇ ਵੈਟਰਨਰੀ ਡਾ. ਸੁਖਵਿੰਦਰ ਸਿੰਘ ਵੱਲੋਂ ਡੇਅਰੀ ਫਾਰਮਿੰਗ ਦੇ ਕੋਰਸ ਦੀ ਰਜਿਸਟਰੇਸ਼ਨ ਕਰਕੇ ਇਸ ਕੋਰਸ ਦੀ ਸ਼ੁਰੂਆਤ ਕੀਤੀ ਗਈ।
ਰੈੱਡ ਕਰਾਸ ਦੇ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਪਹਿਲੇ ਬੈਚ ’ਚ 30 ਨਸ਼ਾ ਮੁਕਤ ਹੋਏ ਮਰੀਜ਼ਾਂ ਦਾ ਬੈਚ ਸ਼ੁਰੂ ਕੀਤਾ ਗਿਆ ਅਤੇ ਡਾ. ਸੁਖਵਿੰਦਰ ਸਿੰਘ ਵੱਲੋਂ ਪਹਿਲੇ ਦਿਨ ਦੀ ਕਲਾਸ ਲਗਾਈ ਗਈ ਤੇ ਨਸ਼ਾ ਮੁਕਤ ਹੋਏ ਨੌਜਵਾਨਾਂ ’ਚ ਵੀ ਕੁਝ ਨਵਾਂ ਸਿੱਖਣ ਦਾ ਜਜ਼ਬਾ ਦੇਖਿਆ ਗਿਆ। ਆਰਸੇਟੀ ਵੱਲੋਂ ਸਿੱਖਿਆਰਥੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ ਗਈਆਂ, ਜਿਸ ਵਿੱਚ ਕਿਤਾਬਾਂ, ਡਾਇਰੀ ਤੇ ਪੈਨ ਆਦਿ ਸਨ।
ਇਸ ਮੌਕੇ ਪਰਮਿੰਦਰ ਕੌਰ ਮਨਚੰਦਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਹਸਪਤਾਲ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬਰਾਂਚ ਚੰਡੀਗੜ੍ਹ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ (ਸੇਵਾ ਮੁਕਤ) ਦੀ ਰਹਿਨੁਮਾਈ ਹੇਠ ਅਜਿਹੇ ਪ੍ਰੋਜੈਕਟ ਚਲਾ ਕੇ ਨਸ਼ਾ ਮੁਕਤ ਮਰੀਜ਼ਾਂ ਨੂੰ ਸੇਧ ਦਿੱਤੀ ਜਾ ਰਹੀ ਹੈ।
ਡਾ. ਸੰਦੀਪ ਸਿੰਘ ਨੇ ਨਸ਼ਾ ਮੁਕਤ ਹੋਏ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਸਾਈਕਾਲੋਜੀ ਵਿਭਾਗ ਦੇ ਡਾ. ਜਸਪਾਲ ਸਿੰਘ ਅਤੇ ਉਨ੍ਹਾਂ ਨਾਲ ਆਏ ਵਿਦਿਆਰਥੀਆਂ ਹਸਪਤਾਲ ਪਹੁੰਚ ਕੇ ਇਸ ਮੁਹਿੰਮ ਵਿੱਚ ਸ਼ਾਮਲ ਹੁੰਦਿਆਂ ਨਸ਼ਾ ਮੁਕਤ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਲਈ ਤੇ ਨਵੀਂ ਸੇਧ ਦੇਣ ਲਈ ਸਹਿਯੋਗੀ ਹੋਏ ।ਜ਼ਿਲ੍ਹੇ ਦੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਵੀ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ। ਸਾਕੇਤ ਹਸਪਤਾਲ ਦੇ ਕੌਂਸਲਰ ਅਤੇ ਹੋਰ ਸਟਾਫ਼ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ।