ਸਟੇਟ ਸਕੂਲ ਖੇਡ ਕਮੇਟੀ ਨੇ 68ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਸਟੇਟ ਸਕੂਲ ਖੇਡ ਕਮੇਟੀ ਨੇ 68ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਪਟਿਆਲਾ, 15 ਨਵੰਬਰ:
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਮਿਆਰੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਪੰਜਾਬ ਨੂੰ 68ਵੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਸ਼ਡਿਊਲ ਅਨੁਸਾਰ ਬਾਸਕਟਬਾਲ ਦੇ ਅੰਡਰ-19 ਲੜਕਿਆਂ ਅਤੇ ਲੜਕੀਆਂ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਜ਼ਿਲ੍ਹਾ ਪਟਿਆਲਾ ਨੂੰ ਮਿਲੀ ਹੈ। ਇਹ ਟੂਰਨਾਮੈਂਟ 20 ਤੋਂ 26 ਨਵੰਬਰ ਤੱਕ ਪਟਿਆਲਾ ਵਿਖੇ ਆਯੋਜਿਤ ਕੀਤਾ ਜਾਣਾ ਹੈ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਟੇਟ ਸਕੂਲ ਖੇਡ ਕਮੇਟੀ ਵੱਲੋਂ ਸੁਨੀਲ ਕੁਮਾਰ ਭਾਰਦਵਾਜ ਡਿਪਟੀ ਡਾਇਰੈਕਟਰ ਸਪੋਰਟਸ ਬ੍ਰਾਂਚ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਸੈਕੰਡਰੀ ਸਿੱਖਿਆ ਅਤੇ ਹੋਰ ਟੀਮ ਮੈਂਬਰ ਉਚੇਚੇ ਤੌਰ 'ਤੇ ਪਹੁੰਚੇ।
ਉਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ, ਡਿਪਟੀ ਡੀਈਓ ਡਾ. ਰਵਿੰਦਰਪਾਲ ਸਿੰਘ ਅਤੇ ਟੂਰਨਾਮੈਂਟ ਦੇ ਆਯੋਜਨ ਲਈ ਨਿਯੁਕਤ ਕੀਤੀ ਟੀਮ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਉਹਨਾਂ ਦੂਜੇ ਰਾਜਾਂ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੇ ਰਹਿਣ, ਖਾਣੇ ਅਤੇ ਹੋਰ ਸਹੂਲਤਾਂ ਬਾਰੇ ਵੀ ਹਦਾਇਤਾਂ ਕੀਤੀਆਂ। ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਅਤੇ ਮੈਚਾਂ ਦੇ ਸ਼ਡਿਊਲ ਬਾਰੇ ਵੀ ਸੁਨੀਲ ਕੁਮਾਰ ਭਾਰਦਵਾਜ ਨੇ ਟੂਰਨਾਮੈਂਟ ਕਮੇਟੀ ਨਾਲ ਮਿਲ ਕੇ ਜਾਇਜ਼ਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਸਟੇਟ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪਟਿਆਲਾ ਦੀ ਸਾਰੀ ਮਿਹਨਤੀ ਟੀਮ ਸਟੇਟ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਟੂਰਨਾਮੈਂਟ ਦਾ ਸਫਲ ਆਯੋਜਨ ਕਰੇਗੀ। ਇਸ ਮੌਕੇ ਦਲਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ, ਅਮਰਜੋਤ ਸਿੰਘ ਪਟਿਆਲਾ, ਪਰਮਬੀਰ ਕੌਰ ਮੋਹਾਲੀ, ਅਜੀਤਪਾਲ ਸਿੰਘ ਲੁਧਿਆਣਾ, ਸਿਮਰਦੀਪ ਸਿੰਘ ਬਰਨਾਲਾ ਅਤੇ ਹੋਰ ਅਧਿਕਾਰੀ ਮੌਜੂਦ ਸਨ।