ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਛੇਵੇਂ ਨਾਭਾ ਕਬੱਡੀ ਕੱਪ ਦੀਆਂ ਜੇਤੂ ਟੀਮਾਂ ਨੂੰ ਤਕਸੀਮ ਕੀਤੇ ਇਨਾਮ
ਛੇਵੇਂ ਨਾਭਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਛੇਵੇਂ ਨਾਭਾ ਕਬੱਡੀ ਕੱਪ ਦੀਆਂ ਜੇਤੂ ਟੀਮਾਂ ਨੂੰ ਤਕਸੀਮ ਕੀਤੇ ਇਨਾਮ
ਖੇਡ ਮੇਲੇ ਤੇ ਕਬੱਡੀ ਕੱਪ ਸੂਬੇ ਦੀ ਅਮੀਰ ਵਿਰਾਸਤ ਦਾ ਹਿੱਸਾ : ਡਾ. ਬਲਬੀਰ ਸਿੰਘ
ਨੌਜਵਾਨਾਂ ਨੂੰ ਸੇਧ ਪ੍ਰਦਾਨ ਕਰਨ 'ਚ ਸਹਾਈ ਹੁੰਦੇ ਨੇ ਖੇਡ ਮੇਲੇ : ਹਰਦੀਪ ਸਿੰਘ ਮੁੰਡੀਆਂ
ਜੱਸੀ ਸੋਹੀਆਂ ਵਾਲਾ ਨੇ ਨਾਭਾ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸਭ ਦਾ ਕੀਤਾ ਧੰਨਵਾਦ
ਸਭਿਆਚਾਰਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਾਇਆ
ਨਾਭਾ/ਪਟਿਆਲਾ, 17 ਨਵੰਬਰ:
ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਦੋ ਦਿਨਾਂ ਛੇਵਾਂ ਨਾਭਾ ਕਬੱਡੀ ਕੱਪ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ। ਅੱਜ ਕੱਪ ਦੇ ਅਖੀਰੀ ਦਿਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਮਾਲ, ਜਲ ਸਪਲਾਈ ਤੇ ਸੈਨੀਟੇਸ਼ਨ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਕਲੱਬ ਦੇ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾਂ ਨੇ ਨਾਭਾ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।
ਇਨਾਮ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਖੇਡ ਮੇਲੇ ਤੇ ਕਬੱਡੀ ਕੱਪ ਸਾਡੇ ਸੂਬੇ ਦੀ ਅਮੀਰ ਵਿਰਾਸਤ ਦਾ ਹਿੱਸਾ ਹਨ ਤੇ ਅਜਿਹੇ ਕਬੱਡੀ ਕੱਪ ਨੌਜਵਾਨ ਪੀੜੀ ਨੂੰ ਸੇਧ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਵੀ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਿਕ ਪਾਸੇ ਲਾਉਣ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਲੱਬ ਦੇ ਪ੍ਰਧਾਨ ਜੱਸੀ ਸੋਹੀਆਂ ਵਾਲਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਗਾਤਾਰ ਛੇ ਸਾਲਾਂ ਤੋਂ ਅਜਿਹੇ ਸਫਲ ਕਬੱਡੀ ਕੱਪ ਦਾ ਪ੍ਰਬੰਧ ਕਰਨਾ ਸ਼ਲਾਘਾਯੋਗ ਹੈ ਤੇ ਇਸ ਲਈ ਕਬੱਡੀ ਕੱਪ ਕਰਵਾਉਣ ਵਾਲੇ ਸਾਰੇ ਪ੍ਰਬੰਧਕ ਹੀ ਵਧਾਈ ਦੇ ਪਾਤਰ ਹਨ। ਇਸ ਮੌਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ।
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਖੇਡਾਂ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਤੇ ਤੰਦਰੁਸਤ ਰਹਿਣ ਲਈ ਸਾਨੂੰ ਆਪਣੇ ਜੀਵਨ ਵਿੱਚ ਕਸਰਤ ਜਾਂ ਫੇਰ ਕਿਸੇ ਖੇਡ ਲਈ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ। ਉਨ੍ਹਾਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹਾਰ-ਜਿੱਤ ਨਾਲੋਂ ਜ਼ਰੂਰੀ ਹੈ ਕਿ ਅਸੀਂ ਮੁਕਾਬਲੇ ਵਿੱਚ ਹਿੱਸਾ ਲਿਆ ਹੈ।
ਇਸ ਮੌਕੇ ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਨਾਭਾ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਐੱਨ.ਆਰ.ਆਈਜ਼ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਸਦਕਾ ਲਗਾਤਾਰ ਛੇਵੇਂ ਸਾਲ ਨਾਭਾ ਕਬੱਡੀ ਕੱਪ ਸਫਲਤਾਪੂਰਵਕ ਸੰਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹਰੇਕ ਸਾਲ ਨਾਭਾ ਕਬੱਡੀ ਕੱਪ ਇਸੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਇਆ ਕਰੇਗਾ। ਉਨ੍ਹਾਂ ਨਾਭਾ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਹੱਲਾਸ਼ੇਰੀ ਸਦਕਾ ਇਹ ਨਾਭਾ ਕਬੱਡੀ ਕੱਪ ਹਰੇਕ ਸਾਲ ਨਵੀਂ ਉਚਾਈ ਤੱਕ ਪਹੁੰਚ ਰਿਹਾ ਹੈ। ਇਸ ਮੌਕੇ ਕਲੱਬ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਸਨਮਾਨ ਕੀਤਾ ਗਿਆ।
ਨਾਭਾ ਕਬੱਡੀ ਕੱਪ ਦੇ ਅਖੀਰੀ ਦਿਨ 8 ਕਲੱਬਾਂ ਦੀਆਂ ਟੀਮਾਂ ਅਤੇ 75 ਕਿਲੋ ਵਜ਼ਨ ਦੇ ਮੈਚ ਕਰਵਾਏ ਗਏ ਅਤੇ ਅਤੇ ਜੇਤੂ ਨੂੰ ਇਨਾਮ ਤਕਸੀਮ ਕਰਨ ਉਪਰੰਤ ਪ੍ਰਸਿੱਧ ਗਾਇਕ ਬੀਤ ਬਲਜੀਤ, ਗੀਤਾ ਜ਼ੈਲਦਾਰ, ਅੰਗਰੇਜ਼ ਅਲੀ, ਦੀਪ ਢਿੱਲੋਂ-ਜੈਸਮੀਨ ਜੱਸੀ, ਲੱਖੀ ਘੁਮਾਣ, ਚਮਕੌਰ ਖੱਟੜਾ ਤੇ ਹਾਸਿਆਂ ਦੀ ਪਟਾਰੀ ਕੁਲਵੰਤ ਸੇਖੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਜਥੇਦਾਰ ਲਾਲ ਸਿੰਘ ਰਣਜੀਤਗੜ, ਗੋਬਿੰਦ ਸਿੰਘ ਜੰਡੂ, ਲਾਡੀ ਖਹਿਰਾ, ਲਾਲੀ ਫ਼ਤਿਹਪੁਰ, ਪਰਮਿੰਦਰ ਭੰਗੂ, ਵਿਕਰਮ ਵਿੱਕੀ, ਸਰਪੰਚ ਦਵਿੰਦਰ ਕੁਲਾਰਾਂ, ਜਸਕਰਨਵੀਰ ਸਿੰਘ ਤੇਜ਼ੇ , ਮਾਸਟਰ ਸਤਪਾਲ ਸਿੰਘ, ਸ਼ੇਰ ਸਿੰਘ, ਜਤਿੰਦਰ ਸਿੰਘ ਕਕਰਾਲਾ, ਸਰਪੰਚ ਹਰਜਿੰਦਰ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।