ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਵਿਸ਼ਵ ਪਖਾਨਾ ਦਿਵਸ ਤੇ ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤੇ
ਰੂਪਨਗਰ, 19 ਨਵੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਪ੍ਰਵਾਨ ਕੀਤੇ ਗਏ ਘਰੇਲੂ ਪਖਾਨਿਆਂ ਦੇ ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਵਿਸ਼ਵ ਪਖਾਨਾ ਦਿਵਸ ਤੇ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ “ਸਾਡਾ ਪਖਾਨਾ, ਸਾਡਾ ਮਾਣ” ਵਿਸ਼ੇ ਰਾਹੀਂ ਆਪਣੇ ਘਰੇਲੂ ਪਖਾਨੇ ਨੂੰ ਆਪਣਾ ਮਾਣ ਸਮਝਦੇ ਹੋਏ ਇਸ ਦਾ ਨਿਰੰਤਰ ਉਪਯੋਗ ਕੀਤਾ ਜਾਵੇ ਅਤੇ ਕੋਈ ਵੀ ਵਿਆਕਤੀ ਖੁੱਲੇ ਵਿੱਚ ਸ਼ੌਚ ਨਾ ਜਾਵੇ।
ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਸਾਰੇ ਪਿੰਡਾਂ ਨੂੰ ਓ.ਡੀ.ਐੱਫ ਪਲੱਸ ਮਾਡਲ ਪਿੰਡ ਬਣਾਇਆ ਜਾਵੇ ਜਿਸ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਨਾਲ-ਨਾਲ ਸਾਂਝੇ ਪਖਾਨੇ ਅਤੇ ਘਰੇਲੂ ਪਖਾਨਿਆਂ ਦੀ ਉਸਾਰੀ ਦੇ ਕੰਮ ਸਬੰਧਤ ਲਾਭਪਾਤਰੀਆਂ ਅਤੇ ਪੰਚਾਇਤਾਂ ਨੂੰ ਪ੍ਰੋਤਸਾਹਿਤ ਕਰਕੇ ਜਲਦ ਮੁਕੰਮਲ ਕਰਵਾਏ ਜਾਣ।
ਉਨ੍ਹਾਂ ਵਲੋਂ ਜੋਰ ਦੇ ਕੇ ਕਿਹਾ ਗਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਬਹੁਤ ਹੀ ਅਹਿਮ ਮੁਹਿੰਮ ਹੈ, ਜਿਸ ਵਿੱਚ ਵਿਭਾਗ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਘਰ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।