ਭਾਰਤੀ ਫੌਜ ਵਿੱਚ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 10 ਅਪ੍ਰੈਲ ਤੱਕ ਰਹੇਗੀ ਜਾਰੀ
ਰੂਪਨਗਰ, 25 ਮਾਰਚ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ. ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2025-26 ਲਈ ਭਾਰਤੀ ਫੌਜ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਜੋ ਕਿ 12 ਮਾਰਚ 2025 ਤੋਂ ਸ਼ੁਰੂ ਹੋ ਗਈ ਹੈ ਅਤੇ 10 ਅਪ੍ਰੈਲ 2025 ਤੱਕ ਜਾਰੀ ਰਹੇਗੀ। ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਜ਼ਿਲ੍ਹਿਆਂ ਦੇ 17 1/2 ਤੋਂ 21 ਸਾਲ (01 ਅਕਤੂਬਰ 2004 ਤੋਂ 01 ਅਪ੍ਰੈਲ 2008 ਦੋਵਾਂ ਸਮੇਤ) ਦੀ ਉਮਰ ਦੇ ਸਾਰੇ ਯੋਗ ਅਣਵਿਆਹੇ ਪੁਰਸ਼/ਔਰਤ ਉਮੀਦਵਾਰ, ਉਹ ਵੈੱਬਸਾਈਟ joinindianarmy.nic.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਅਗਨੀਪਥ ਸਕੀਮ ਅਧੀਨ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ ਅਤੇ ਸਟੋਰਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ, ਲਈ ਅਪਲਾਈ ਕਰ ਸਕਦੇ ਹਨ। ਅਗਨੀਵੀਰ ਟਰੇਡਸਮੈਨ ਦਸਵੀਂ ਪਾਸ, ਅਗਨੀਵੀਰ ਟਰੇਡਸਮੈਨ ਅੱਠਵੀਂ ਪਾਸ ਅਤੇ ਅਗਨੀਵੀਰ ਮਹਿਲਾ ਮਿਲਟਰੀ ਪੁਲਿਸ (ਏ.ਵੀ.ਡਬਲਯੂ.ਐੱਮ.ਪੀ.-ਸਿਰਫ ਔਰਤਾਂ) ਸ਼੍ਰੇਣੀਆਂ ਅਪਲਾਈ ਕਰ ਸਕਦੀਆਂ ਹਨ। ਉਮੀਦਵਾਰ ਸੋਲਜਰ ਟੈਕਨੀਕਲ ਨਰਸਿੰਗ ਅਸਿਸਟੈਂਟ, ਕਾਂਸਟੇਬਲ ਫਾਰਮਾ, ਧਾਰਮਿਕ ਅਧਿਆਪਕ, ਹੌਲਦਾਰ (ਸਰਵੇਅਰ ਆਟੋਮੇਟਿਡ ਕਾਰਟੋਗ੍ਰਾਫਰ), ਜੇਸੀਓ (ਕੇਟਰਿੰਗ) ਲਈ ਅਪਲਾਈ ਕਰ ਸਕਦੇ ਹਨ ਅਤੇ ਹੌਲਦਾਰ ਵੀ ਸਿੱਖਿਆ ਦੀਆਂ ਰੈਗੂਲਰ ਸ਼੍ਰੇਣੀਆਂ ਲਈ ਅਪਲਾਈ ਕਰ ਸਕਦੇ ਹਨ, ਜਿਸ ਦੇ ਵੇਰਵੇ ਉਪਰੋਕਤ ਵੈੱਬਸਾਈਟ 'ਤੇ ਉਪਲਬਧ ਹਨ।
ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੰਦਿਆਂ ਦੱਸਿਆ ਕਿ ਉਹ ਰਜਿਸਟ੍ਰੇਸ਼ਨ ਤੋਂ ਪਹਿਲਾਂ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਅਤੇ ਤਰਜੀਹੀ ਤੌਰ 'ਤੇ ਡਿਜੀਲਾਕਰ ਖਾਤਾ ਰੱਖਣ।
ਸ. ਪ੍ਰਭਜੋਤ ਸਿੰਘ ਨੇ ਅੱਗੇ ਦੱਸਿਆ ਕਿ ਮੌਜੂਦਾ ਸਾਲ ਤੋਂ, ਔਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ (ਸੀ.ਈ.ਈ.) ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਕਰਵਾਈ ਜਾ ਰਹੀ ਹੈ। ਸੀਈਈ ਦੀ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਸਰੀਰਕ ਰੈਲੀ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਵੇਗਾ। ਰਨ ਟੈਸਟ ਵਿੱਚ ਇੱਕ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ ਜਿਸ ਵਿੱਚ ਪਾਸ ਕਰਨ ਦਾ ਸਮਾਂ ਵਧਾ ਕੇ 6 ਮਿੰਟ 15 ਸਕਿੰਟ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਔਨਲਾਈਨ ਸੀਈਈ ਦੌਰਾਨ ਅਗਨੀਵੀਰ ਕਲਰਕ ਅਤੇ ਸਟੋਰਕੀਪਰ ਟੈਕਨੀਕਲ ਲਈ ਟਾਈਪਿੰਗ ਟੈਸਟ ਲਿਆ ਜਾਵੇਗਾ, ਜਿਸ ਵਿੱਚ ਟੈਸਟ ਦੌਰਾਨ ਅੰਗਰੇਜ਼ੀ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਲੋੜੀਂਦੀ ਹੈ। ਉਮੀਦਵਾਰਾਂ ਨੂੰ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰੀ ਅਭਿਆਸ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।