ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕੇ ਦੇ ਹਾਫਿਜ਼ਾਬਾਦ, ਡੱਲਾ, ਫੱਸੇ, ਖੋਖਰ ਤੇ ਟੱਪਰੀਆਂ ਅਮਰ ਸਿੰਘ ਦੇ ਸਕੂਲਾਂ 'ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਸ੍ਰੀ ਚਮਕੌਰ ਸਾਹਿਬ, 16 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੂਬੇ ਦੇ ਪੇਂਡੂ ਖੇਤਰ ਅੰਦਰ ਪੈਂਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੇ ਗਏ ਯਤਨ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੇ ਅਤੇ ਇਹ ਯਤਨ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਨਾਲੋਂ ਵੀ ਅੱਗੇ ਲੈ ਕੇ ਜਾਣਗੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ ਹਲਕੇ ਦੇ ਹਾਫਿਜ਼ਾਬਾਦ, ਡੱਲਾ, ਫੱਸੇ, ਖੋਖਰ ਤੇ ਟੱਪਰੀਆਂ ਅਮਰ ਸਿੰਘ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਕੀਤਾ।
ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ "ਪੰਜਾਬ ਸਿੱਖਿਆ ਕ੍ਰਾਂਤੀ" ਮੁਹਿੰਮ ਤਹਿਤ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਾਬਾਦ ਵਿਖੇ 5.70 ਲੱਖ ਰੁਪਏ ਦੀ ਲਾਗਤ ਨਾਲ ਬਾਸਕਟ ਬਾਲ ਕੋਰਟ ਦਾ ਉਦਘਾਟਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਕੁੱਲ 7.20 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ (1.50 ਲੱਖ) ਅਤੇ ਬਾਸਕਟ ਬਾਲ ਕੋਰਟ (5.70 ਲੱਖ), ਸਰਕਾਰੀ ਹਾਈ ਸਕੂਲ ਫੱਸੇ ਵਿਖੇ ਕੁੱਲ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ ਦਾ ਉਦਘਾਟਨ, ਸਰਕਾਰੀ ਪ੍ਰਾਇਮਰੀ ਸਕੂਲ ਖੋਖਰ ਵਿਖੇ 2 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਦਾ ਉਦਘਾਟਨ, ਸਰਕਾਰੀ ਪ੍ਰਾਇਮਰੀ ਸਕੂਲ ਟੱਪਰੀਆਂ ਅਮਰ ਸਿੰਘ ਵਿਖੇ 7 ਲੱਖ 51 ਹਜ਼ਾਰ ਦੀ ਲਾਗਤ ਨਾਲ ਨਵੇਂ ਕਲਾਸਰੂਮ ਦਾ ਉਦਘਾਟਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਵਿਖੇ 3 ਲੱਖ ਵਿਖੇ ਚਾਰਦੀਵਾਰੀ ਦੀ ਰਿਪੇਅਰ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਨੂੰ ਪਹਿਲ ਤੇ ਸਿਹਤ ਨੂੰ ਪਹਿਲ ਦਿੱਤੀ ਗਈ ਹੈ। ਜਿਸ ਨਾਲ ਸਮਾਜ ਦੇ ਲੋੜਵੰਦ ਤਬਕੇ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਕੀਤੇ ਸੁਧਾਰ ਦੇ ਨਾਲ-ਨਾਲ ਪੜ੍ਹਾਈ ਦੀ ਗੁਣਵੱਤਾ ਵਿਚ ਆਈ ਤਬਦੀਲੀ ਕਾਰਨ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਵੱਲ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਲ 2025-26 ਦੇ ਬਜਟ ਦੌਰਾਨ ਪੰਜਾਬ ਸਰਕਾਰ ਵਲੋਂ ਬਜਟ ਦਾ 12 ਫੀਸਦੀ ਹਿੱਸਾ ਸਿੱਖਿਆ ਖੇਤਰ ਲਈ ਰੱਖਿਆ ਗਿਆ ਹੈ,ਜੋ ਕਿ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਸੁਹਿਰਦਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜਾ ਕੇ ਪੰਜਾਬ ਸਰਕਾਰ ਵਲੋਂ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਮਿਆਰੀ ਸਿੱਖਿਆ ਦਾ ਲਾਭ ਲੈਣ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਰਾਜਿੰਦਰ ਸਿੰਘ ਰਾਜਾ, ਪੀਏ ਸ਼੍ਰੀ ਚੰਦ, ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।