ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਦੀ ਹੋਈ ਮੁੱਢਲੀ ਪ੍ਰਕਾਸ਼ਨਾ-ਜ਼ਿਲ੍ਹਾ ਚੋਣ ਅਫ਼ਸਰ
ਰੂਪਨਗਰ, 07 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ, ਭਾਰਤ ਸਰਕਾਰ ਚੰਡੀਗੜ੍ਹ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ 03 ਜਨਵਰੀ 2025 ਨੂੰ ਜ਼ਿਲ੍ਹਾ ਰੂਪਨਗਰ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕੇ ਦੀਆਂ ਰਿਵਾਈਜਿੰਗ ਅਥਾਰਟੀਆਂ ਵੱਲੋਂ 116-ਅਨੰਦਪੁਰ ਸਾਹਿਬ, 117-ਰੂਪਨਗਰ ਅਤੇ 118-ਮੋਰਿੰਡਾ ਦੀ ਵੋਟਰ ਸੂਚੀ ਦੀ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਵੋਟਰ ਸੂਚੀ ਨਿਰਧਾਰਿਤ ਫਾਰਮ ਨੰ. 3(1) ਵਿੱਚ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 2(9) ਅਧੀਨ ਸਿੱਖ ਦੀ ਪਰਿਭਾਸ਼ਾ ਸਬੰਧੀ ਸਵੈ-ਘੋਸ਼ਣਾ ਦਰਜ਼ ਕਰਨ ਉਪਰੰਤ ਐਸ.ਜੀ.ਪੀ.ਸੀ ਚੋਣਾਂ ਲਈ 21 ਅਕਤੂਬਰ 2023 ਤੋਂ 15 ਦਸੰਬਰ 2024 ਤੱਕ ਪ੍ਰਾਪਤ ਫਾਰਮਾਂ ਦੇ ਆਧਾਰ ਦੇ ਤਿਆਰ ਕੀਤੀ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਹ ਤਿਆਰ ਕੀਤੀ ਵੋਟਰ ਸੂਚੀ ਸਬੰਧਤ ਰਿਵਾਈਜਿੰਗ ਅਥਾਰਿਟੀ-ਕਮ-ਉੱਪ ਮੰਡਲ ਮੈਜਿਸਟਰੇਟ ਦੇ ਦਫਤਰ ਵਿੱਚ ਦੇਖਣ ਲਈ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਕਮਿਸ਼ਨ, ਗੁਰਦੁਆਰਾ ਚੋਣਾਂ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਇਸ ਵੋਟਰ ਸੂਚੀ ਤੇ 24 ਜਨਵਰੀ 2025 ਤੱਕ ਦਾਅਵੇ/ਇਤਰਾਜ ਸਮੂਹ ਰਿਵਾਈਜਿੰਗ ਅਥਾਰਟੀਜ਼ ਵੱਲੋਂ ਪ੍ਰਾਪਤ ਕੀਤੇ ਜਾਣੇ ਹਨ। ਉਨ੍ਹਾਂ ਆਮ ਜਨਤਾ ਨੂੰ ਇਸ ਸਬੰਧੀ ਸੂਚਿਤ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ/ਇਤਰਾਜ (ਦਰਖਾਸਤ ਰਾਹੀਂ) ਜਮ੍ਹਾਂ ਕਰਵਾਉਣਾ ਹੈ ਤਾਂ ਸਬੰਧਿਤ ਰਿਵਾਈਜਿੰਗ ਅਥਾਰਿਟੀ-ਕਮ-ਉੱਪ ਮੰਡਲ ਮੈਜਿਸਟਰੇਟ, ਅਨੰਦਪੁਰ ਸਾਹਿਬ, ਰੂਪਨਗਰ ਤੇ ਚਮਕੌਰ ਸਾਹਿਬ ਕੋਲ 24 ਜਨਵਰੀ 2025 ਤੱਕ ਜਮ੍ਹਾਂ ਕਰਵਾ ਸਕਦੇ ਹਨ।