ਏ ਡੀ ਸੀ ਵਿਰਾਜ ਤਿੜਕੇ ਨੇ ਮਾਲ ਅਫ਼ਸਰਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਏ ਡੀ ਸੀ ਵਿਰਾਜ ਤਿੜਕੇ ਨੇ ਮਾਲ ਅਫ਼ਸਰਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
ਜ਼ਮੀਨ ਦੀ 1 ਸਾਲ ਤੋਂ ਵੱਧ ਦੀ ਤਕਸੀਮ ਅਤੇ ਖਸਰਾ ਗਿਰਦਵਾਰੀ ਕੇਸਾਂ ਦੇ ਨਿਪਟਾਰੇ ਲਈ ਸਮਾਂ ਸੀਮਾ ਤੈਅ
ਐਕਵਾਇਰ ਕੀਤੀਆਂ ਜ਼ਮੀਨਾਂ ਦੇ ਐਨ ਐੱਚ ਆਈ ਏ ਦੇ ਨਾਂ 'ਤੇ ਇੰਤਕਾਲ ਦਰਜ ਕਰਨ ਲਈ ਮਾਲ ਅਧਿਕਾਰੀਆਂ ਨੂੰ ਨਿਰਦੇਸ਼
ਮਾਲ ਮਾਲੀਏ ਅਤੇ ਹੋਰ ਵਸੂਲੀ ਕੇਸਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ
ਐਸ.ਏ.ਐਸ.ਨਗਰ, 15 ਜਨਵਰੀ, 2025:
ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਅੱਜ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨੂੰ ਜ਼ਮੀਨ ਦੀ ਤਕਸੀਮ ਅਤੇ ਖਸਰਾ ਗਿਰਦਵਾਰੀ ਦੇ 1 ਸਾਲ ਤੋਂ ਉੱਪਰ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਅਗਲੇ ਦੋ ਮਹੀਨਿਆਂ ਵਿੱਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲ ਅਫ਼ਸਰਾਂ ਦੀ ਉਪ ਮੰਡਲ ਮੈਜਿਸਟਰੇਟਾਂ ਅਤੇ ਜ਼ਿਲ੍ਹਾ ਮਾਲ ਅਫ਼ਸਰ ਦੀ ਹਾਜ਼ਰੀ ਵਿੱਚ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਮੀਨਾਂ ਦੀ ਵੰਡ ਤੇ ਖਸਰਾ ਗਿਰਦਵਾਰੀ ਦੇ ਲੰਬਿਤ ਕੇਸਾਂ ਸਬੰਧੀ ਉਨ੍ਹਾਂ ਦੇ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਮਾਂਬੱਧ ਹੋਣੀ ਚਾਹੀਦੀ ਹੈ ਅਤੇ ਇੱਕ ਸਾਲ ਤੋਂ ਵੱਧ ਲੰਬਿਤ ਪਏ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਇਆ ਜਾਵੇ।
ਇੰਤਕਾਲਾਂ ਦੇ ਬਕਾਇਆ ਮਾਮਲਿਆਂ ਵਿੱਚ ਹੋਰ ਕਮੀ ਲਿਆਉਣ ਦੀ ਹਦਾਇਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਇਸ ਤੇ ਜ਼ੋਰ ਦੇਣ ਲਈ ਕਿਹਾ।
ਐੱਨ.ਐੱਚ.ਏ.ਆਈ. ਦੇ ਨਾਂ 'ਤੇ ਸੜਕੀ ਨੈੱਟਵਰਕ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਇੰਤਕਾਲ ਦੇ ਕੇਸਾਂ ਦਾ ਜਲਦ ਨਿਪਟਾਰਾ ਨਾ ਕੀਤੇ ਜਾਣ ਕਾਰਨ ਭਵਿੱਖ 'ਚ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਬਾਰੇ ਮਾਲ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਏ.ਡੀ.ਸੀ. ਵਿਰਾਜ ਐੱਸ. ਤਿੜਕੇ ਨੇ ਕਿਹਾ ਕਿ ਇਹ ਜ਼ਮੀਨ ਮਾਲਕਾਂ ਲਈ ਉਨ੍ਹਾਂ ਦੀ ਬਾਕੀ ਜ਼ਮੀਨ ਦਾ ਮਾਲ ਰਿਕਾਰਡ ਸਾਫ਼ ਰੱਖਣ ਲਈ ਅਤੇ ਹੋਰ ਲੋੜਾਂ ਲਈ ਵੀ ਲਾਭਕਾਰੀ ਹੋਵੇਗਾ।
ਮਾਲ ਅਫਸਰਾਂ ਵੱਲੋਂ ਕੀਤੀ ਗਈ ਰਿਕਵਰੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਮਾਲੀਆ ਅਤੇ ਹੋਰ ਵਸੂਲੀ ਨੂੰ ਵਧਾਉਣ ਅਤੇ ਤੇਜ਼ ਕਰਨ 'ਤੇ ਜ਼ੋਰ ਦਿੱਤਾ। ਮਾਲ ਅਫਸਰਾਂ ਨੂੰ ਮਾਨਯੋਗ ਅਦਾਲਤਾਂ ਦੁਆਰਾ ਕਿਸੇ ਵੀ ਪ੍ਰਤੀਕੂਲ ਟਿੱਪਣੀ ਤੋਂ ਬਚਣ ਲਈ ਅਦਾਲਤੀ ਕੇਸਾਂ ਦੀ ਨਿੱਜੀ ਤੌਰ 'ਤੇ ਪੈਰਵੀ ਕਰਨ ਲਈ ਕਿਹਾ ਗਿਆ।
ਜ਼ੀਰਕਪੁਰ ਅਤੇ ਮਾਜਰੀ ਸਬ ਤਹਿਸੀਲਾਂ ਦੀਆਂ ਬਣਨ ਵਾਲੀਆਂ ਇਮਾਰਤਾਂ ਅਤੇ ਸਬ ਰਜਿਸਟਰਾਰ ਦਫ਼ਤਰ ਐਸ.ਏ.ਐਸ.ਨਗਰ ਮੁਹਾਲੀ ਦੇ ਆਧੁਨਿਕੀਕਰਨ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਅਤੇ ਸਬੰਧਤ ਮਾਲ ਅਧਿਕਾਰੀਆਂ ਨੂੰ ਸਮੇਂ ਸਿਰ ਲੋੜੀਂਦੀਆਂ ਪ੍ਰਵਾਨਗੀਆਂ ਲਈ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ।
ਮੀਟਿੰਗ ਵਿੱਚ ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ, ਜ਼ਿਲ੍ਹਾ ਮਾਲ ਅਫਸਰ ਡਾ. ਅਮਨਦੀਪ ਚਾਵਲਾ, ਤਹਿਸੀਲਦਾਰ ਬੀਰਕਰਨ ਸਿੰਘ ਢਿੱਲੋਂ, ਸਬ ਰਜਿਸਟਰਾਰ ਨਵਪ੍ਰੀਤ ਸਿੰਘ ਸ਼ੇਰਗਿੱਲ, ਸਬ ਰਜਿਸਟਰਾਰ ਨਵਪ੍ਰੀਤ ਸਿੰਘ ਸ਼ੇਰਗਿੱਲ, ਸਬ ਰਜਿਸਟਰਾਰ ਜਸਪ੍ਰੀਤ ਸਿੰਘ ਅਤੇ ਜ਼ਿਲ੍ਹੇ ਦੇ ਨਾਇਬ ਤਹਿਸੀਲਦਾਰ ਹਾਜ਼ਰ ਸਨ।