ਇਨਕਲਾਬ ਮੇਲੇ ਦੇ ਦੂਜੇ ਦਿਨ ਜਸਬੀਰ ਜੱਸੀ, ਰਾਣੀ ਰਣਦੀਪ ਅਤੇ ਕਰਮਜੀਤ ਅਨਮੋਲ ਨੇ ਬੰਨ੍ਹਿਆ ਰੰਗ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ
ਇਨਕਲਾਬ ਮੇਲੇ ਦੇ ਦੂਜੇ ਦਿਨ ਜਸਬੀਰ ਜੱਸੀ, ਰਾਣੀ ਰਣਦੀਪ ਅਤੇ ਕਰਮਜੀਤ ਅਨਮੋਲ ਨੇ ਬੰਨ੍ਹਿਆ ਰੰਗ
ਸ਼ਹੀਦ ਭਗਤ ਸਿੰਘ 'ਤੇ ਆਧਾਰਿਤ ਕੋਰਿਓਗ੍ਰਾਫੀਆਂ ਅਤੇ ਨਾਟਕਾਂ ਤੋਂ ਇਲਾਵਾ ਗਿੱਧੇ-ਭੰਗੜੇ ਦੀਆਂ ਪਈਆਂ ਧਮਾਲਾਂ
ਖਟਕੜ ਕਲਾਂ, ਬੰਗਾ, ਨਵਾਂਸ਼ਹਿਰ, 29 ਸਤੰਬਰ :
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਇਨਕਲਾਬ ਮੇਲੇ ਦੇ ਦੂਜੇ ਅਤੇ ਆਖਰੀ ਦਿਨ ਅੱਜ ਪ੍ਰਸਿੱਧ ਪੰਜਾਬੀ ਕਲਾਕਾਰ ਜਸਬੀਰ ਜੱਸੀ, ਰਾਣੀ ਰਣਦੀਪ ਅਤੇ ਕਰਮਜੀਤ ਅਨਮੋਲ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਪੂਰਾ ਰੰਗ ਬੰਨ੍ਹਿਆ। ਉਨ੍ਹਾਂ ਵੱਲੋਂ ਦੇਸ਼ ਭਗਤੀ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਗੀਤਾਂ ਤੋਂ ਇਲਾਵਾ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਪੂਰਾ ਪੰਡਾਲ ਝੂੰਮਣ ਲਾ ਦਿੱਤਾ। ਵੱਡੀ ਗਿਣਤੀ ਵਿਚ ਪਹੁੰਚੇ ਹਜ਼ਾਰਾਂ ਦਰਸ਼ਕਾਂ ਨੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।
ਇਸ ਦੌਰਾਨ ਅਸ਼ੋਕ ਕਲਿਆਣ ਥਿਏਟਰ, ਸੁੱਖ ਡੀ .ਜੇ ਪਟਿਆਲਾ, ਫਰੈਂਡਜ ਥਿਏਟਰ ਗਰੁੱਪ ਜਲੰਧਰ ਤੋਂ ਇਲਾਵਾ ਵੱਖ- ਵੱਖ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ 'ਤੇ ਆਧਾਰਿਤ ਕੋਰੀਓਗ੍ਰਾਫੀਆਂ, ਨਾਟਕਾਂ ਤੋਂ ਇਲਾਵਾ ਲੁੱਡੀ ਅਤੇ ਗਿੱਧੇ-ਭੰਗੜੇ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਰਮ ਸੀਮਾ ‘ਤੇ ਪਹੁੰਚਾ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਐਸ.ਐਨ ਕਾਲਜ ਬੰਗਾ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਨਾਲ ਕੀਤੀ ਗਈ। ਸ਼ਹੀਦ-ਏ-ਆਜ਼ਮ ‘ਤੇ ਪੈਨਲ ਡਿਸਕਸ਼ਨ ਤੋਂ ਬਾਅਦ ਇਸ ਉਪਰੰਤ ਐਸ.ਐਨ ਕਾਲਜ ਬੰਗਾ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਲੁੱਡੀ ਅਤੇ ਐਸ.ਡੀ.ਐਸ. ਕਾਲਜ ਜਾਡਲਾ ਦੇ ਵਿਦਿਆਰਥੀਆਂ ਦੇ ਭੰਗੜੇ ਨੇ ਖੂਬ ਵਾਹ-ਵਾਹ ਲੁੱਟੀ। ਸੁਭਾਸ਼ ਗੋਸ਼ ਅਤੇ ਓਪਨ ਮਾਈਕ ਪੇਸ਼ਕਾਰੀਆਂ ਯਾਦਗਾਰੀ ਰਹੀਆਂ ਇਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦਾ ਸੁਨੇਹਾ ਦਿੱਤਾ। ਇਸ ਮੌਕੇ ਗੱਤਕੇ ਅਤੇ ਕੇਰਲਾ ਮਾਰਸ਼ਲ ਆਰਟ ਦੇ ਜੰਗਜੂ ਕਰਤੱਬ ਵੀ ਵਿਖਾਏ ਗਏ।
ਅੱਜ ਦੇ ਪ੍ਰੋਗਰਾਮ ਵਿਚ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਸਿਵਲ ਜੱਜ ਸੀਨੀਅਰ ਡਵੀਜਨ ਡਾ. ਅਮਨਦੀਪ, ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਹਲਕਾ ਇੰਚਾਰਜ ਕੁਲਜੀਤ ਸਰਹਾਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸਤਨਾਮ ਸਿੰਘ ਜਲਵਾਹਾ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਬਲਬੀਰ ਕਰਨਾਣਾ, ਵਧੀਕ ਡਿਪਟੀ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਤੇ ਹੋਰਨਾਂ ਸ਼ਖ਼ਸੀਅਤਾਂ ਨੇਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।