ਮੁੱਖ ਮੰਤਰੀ ਵੱਲੋਂ ਅਧੂਰੀ ਜਾਣਕਾਰੀ ਲਈ ਬਾਜਵਾ ਦੀ ਸਖ਼ਤ ਆਲੋਚਨਾ
ਮੁੱਖ ਮੰਤਰੀ ਵੱਲੋਂ ਅਧੂਰੀ ਜਾਣਕਾਰੀ ਲਈ ਬਾਜਵਾ ਦੀ ਸਖ਼ਤ ਆਲੋਚਨਾ
ਬੇਬੁਨਿਆਦ, ਤਰਕਹੀਣ ਅਤੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਵਿਰੋਧੀ ਧਿਰ ਦੇ ਨੇਤਾ
ਸੂਬੇ ਵਿੱਚ ਝੋਨੇ ਦੀ ਨਿਰਵਿਘਨ ਜਾਰੀ
ਚੰਡੀਗੜ੍ਹ, 10 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਤੱਥਾਂ ਤੋਂ ਰਹਿਤ ਅਧੂਰੀ ਜਾਣਕਾਰੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਖ਼ਤ ਆਲੋਚਨਾ ਕੀਤੀ।
ਮੁੱਖ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਸਭ ਤੋਂ ਮੁਨਾਸਬ ਸਮਾਂ ਹੈ ਕਿ ਬਾਜਵਾ ਨੂੰ ਸਿਆਸਤ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ ਕਿਉਂਕਿ ਉਹ ਮੀਡੀਆ ਵਿੱਚ ਸਿਰਫ ਸੁਰਖੀਆਂ ਬਟੋਰਨ ਲਈ ਲਗਾਤਾਰ ਝੂਠ ਬੋਲ ਰਹੇ ਹਨ।"
ਮੁੱਖ ਮੰਤਰੀ ਨੇ ਕਿਹਾ ਕਿ ਪੀਆਰ-126 'ਤੇ ਬਾਜਵਾ ਦਾ ਬਿਆਨ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ, ਬੇਬੁਨਿਆਦ ਅਤੇ ਗੁੰਮਰਾਹਕੁੰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਲੰਬੇ ਸਮੇਂ ਤੱਕ ਚੱਲਣ ਵਾਲੀ ਕਿਸਮ (ਪੂਸਾ-44) ਦੇ ਮੁਕਾਬਲੇ ਪੀ.ਆਰ.-126 ਕਿਸਮ 20 ਤੋਂ 25 ਫੀਸਦੀ ਤੱਕ ਪਾਣੀ ਦੀ ਬੱਚਤ ਕਰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵਿੱਚ ਪਰਾਲੀ ਦਾ ਬੋਝ (10%) ਘੱਟ ਹੈ, ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ 25-40 ਦਿਨ ਦਾ ਵਧੇਰੇ ਸਮਾਂ ਮਿਲਦਾ ਹੈ ਅਤੇ ਖੇਤੀ ਲਾਗਤ ਵਿੱਚ 5000 ਰੁਪਏ ਪ੍ਰਤੀ ਏਕੜ ਬੱਚਤ ਹੁੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਲਾਭ ਹੁੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਫਾਇਦਿਆਂ ਕਰਕੇ ਹੀ ਇਸ ਕਿਸਮ ਨੇ ਪਿਛਲੇ ਪੰਜ ਸਾਲਾਂ ਦੌਰਾਨ 13.9 ਫੀਸਦੀ ਤੋਂ 45.0 ਫੀਸਦੀ ਤੱਕ ਰਕਬਾ ਵਧਾਉਣ ਦੇ ਨਾਲ-ਨਾਲ ਸੂਬੇ ਦੇ ਕਿਸਾਨਾਂ ਵਿੱਚ ਵਧੇਰੇ ਪ੍ਰਸਿੱਧੀ ਹਾਸਲ ਕੀਤੀ ਹੈ। ਬਾਜਵਾ ਦੇ ਦਾਅਵਿਆਂ ਨੂੰ ਝੁਠਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਇਸ ਦੇ ਨੁਮਾਇੰਦਿਆਂ ਨਾਲ 9 ਮਈ, 2024 ਨੂੰ ਪੀ.ਏ.ਯੂ., ਕੈਂਪ ਆਫਿਸ ਮੋਹਾਲੀ ਵਿਖੇ ਮੀਟਿੰਗ ਵੀ ਬੁਲਾਈ ਗਈ ਸੀ, ਜਿੱਥੇ ਚੌਲ ਮਿਲਰਾਂ ਨੇ ਪੀ.ਆਰ.126 ਦੀ ਮਿਲਿੰਗ ਗੁਣਵੱਤਾ 'ਤੇ ਪੂਰੀ ਤਸੱਲੀ ਪ੍ਰਗਟਾਈ ਗਈ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸੀ ਆਗੂ ਸਿਰਫ਼ ਬੇਬੁਨਿਆਦ ਬਿਆਨ ਰਾਹੀਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨ ਬਾਜਵਾ ਅਤੇ ਉਨ੍ਹਾਂ ਦੀ ਪਾਰਟੀ ਦੇ ਸ਼ੱਕੀ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਵਿਰੋਧੀ ਧਿਰ ਦੇ ਨੇਤਾ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆਉਣਗੇ।
------------