ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਸਵੀਰ ਸਿੰਘ ਗੜ੍ਹੀ ਨੇ ਡੀ.ਜੀ.ਪੀ. ਨੂੰ ਡੀ.ਓ.ਲਿਖਿਆ
ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਸਵੀਰ ਸਿੰਘ ਗੜ੍ਹੀ ਨੇ ਡੀ.ਜੀ.ਪੀ. ਨੂੰ ਡੀ.ਓ.ਲਿਖਿਆ
ਚੰਡੀਗੜ੍ਹ, 2 ਅਪ੍ਰੈਲ: ਪੰਜਾਬ ਰਾਜ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ.ਜਸਵੀਰ ਸਿੰਘ ਗੜ੍ਹੀ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਡੀ.ਉ ਲੈਟਰ ਲਿਖਿਆ ਹੈ।
ਸ. ਗੜ੍ਹੀ ਨੇ ਲਿਖਿਆ ਕਿ ਫਿਲੌਰ ਤਹਿਸੀਲ ਦੇ ਪਿੰਡ ਨੰਗਲ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਉੱਤੇ ਦੇਸ਼ ਵਿਰੋਧੀ ਨਾਰੇ ਲਿਖੇ ਗਏ ਸਨ। ਜਿਸ ਦੀ ਜਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਜਾਰੀ ਕਰਕੇ ਲਈ ਗਈ ਹੈ। ਇਸ ਦੇ ਮੱਦੇਨਜ਼ਰ ਗੁਰਪਤਵੰਤ ਪੰਨੂੰ ਖ਼ਿਲਾਫ਼ ਐਸ.ਸੀ/ਐਸ.ਟੀ ਐਕਟ 1989 ਅਧੀਨ ਅਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ
ਗੁਰਪਤਵੰਤ ਪੰਨੂੰ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਂਦਿਆ ਭਾਰਤੀ ਕੇਂਦਰੀ ਏਜੰਸੀਆ ਰਾਹੀਂ ਉਸ ਨੂੰ ਭਾਰਤ ਲਿਆਂਦਾ ਜਾਵੇ ਅਤੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਬਣਦੀ ਮਿਸਾਲੀ ਸਜਾ ਦਿਵਾਈ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਸੂਬੇ ਵਿੱਚ ਵੱਖ ਵੱਖ ਥਾਵਾਂ ਤੇ ਸਥਿਤ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਜੀ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਦਿਆ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਲਈ ਵੀ ਲਿਖਿਆ ਤਾਂ ਜੋ ਭਵਿੱਖ ਵਿੱਚ ਕੋਈ ਵੀ ਗੈਰ-ਸਮਾਜੀ ਅਨਸਰ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਲਿਖਿਆ ਕਿ ਪੰਜਾਬ ਵਿੱਚ ਜੇਕਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁਚਣ ਦਾ ਖ਼ਤਰਾ ਹੈ। ਜਿਸ ਨਾਲ ਪੰਜਾਬ ਨੂੰ ਆਰਥਿਕ ਪੱਖੋਂ ਤੇ ਸਮਾਜਿਕ ਨੁਕਸਾਨ ਹੋ ਸਕਦਾ ਹੈ।
------------