27 ਨਵੰਬਰ ਨੂੰ ਹੋਵੇਗੀ ਸੱਭਿਆਚਾਰਕ ਸ਼ਾਮ - ਸੌਂਦ
ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ 2024 ਦੌਰਾਨ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ, ਲੋਕਾਂ ਲਈ ਖਿੱਚ ਦਾ ਬਣ ਰਿਹਾ ਹੈ ਕੇਂਦਰ
- 27 ਨਵੰਬਰ ਨੂੰ ਹੋਵੇਗੀ ਸੱਭਿਆਚਾਰਕ ਸ਼ਾਮ - ਸੌਂਦ
ਚੰਡੀਗੜ੍ਹ, ਨਵੰਬਰ 19:
ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ-2024 ਦੇ ਵਿਸ਼ੇ ‘ਵਿਕਸਿਤ ਭਾਰਤ 2047’ ਦੀ ਤਰਜ਼ ’ਤੇ ਪੰਜਾਬ ਪੈਵਿਲੀਅਨ ਸੂਬੇ ਦੇ ਉਦਯੋਗਿਕ ਵਿਕਾਸ, ਰਵਾਇਤ ਅਤੇ ਆਧੁਨਿਕਤਾ, ਅਮੀਰ ਸੱਭਿਆਚਾਰਕ ਵਿਰਾਸਤ, ਖੇਤੀਬਾੜੀ, ਦਸਤਕਾਰੀ, ਫੈਸ਼ਨ ਅਤੇ ਸਿੱਖਿਆ ਦੇ ਖੇਤਰਾਂ ਵਿਚ ਕੀਤੀ ਤਰੱਕੀ ਦੀ ਨਰੋਈ ਝਲਕ ਪੇਸ਼ ਕਰ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੂਬੇ ਦੀ ਸਰਬਪੱਖੀ ਵਿਕਾਸ ਪ੍ਰਤੀ ਦੂਰਦਰਸ਼ਤਾ ਨੂੰ ਦਰਸਾਉਣ ਲਈ ਪੰਜਾਬ ਪੈਵਿਲੀਅਨ ਨੂੰ ਨਿਵੇਕਲੇ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ। ਇਹ ਪੈਵਿਲੀਅਨ ਪੰਜਾਬ ਵੱਲੋਂ ਦੇਸ਼ ਦੇ ਵਿਕਾਸ ਹਿੱਤ ਵੱਖ ਵੱਖ ਖੇਤਰਾਂ ਜਿਵੇਂ ਦੁੱਧ ਉਤਪਾਦਨ, ਸਾਈਕਲ ਨਿਰਮਾਣ, ਖੇਡਾਂ ਦਾ ਸਾਮਾਨ ਆਦਿ ਵਿਚ ਪਾਏ ਜਾ ਰਹੇ ਯੋਗਦਾਨ ਦੀ ਝਲਕ ਪੇਸ਼ ਕਰ ਰਿਹਾ ਹੈ।
ਉਦਯੋਗ, ਖੇਤੀਬਾੜੀ, ਦਸਤਕਾਰੀ, ਫੈਸ਼ਨ ਅਤੇ ਸਿੱਖਿਆ ਦੇ ਖੇਤਰਾਂ ਵਿਚ ਸੂਬੇ ਦੀ ਤਰੱਕੀਪਸੰਦ ਪਹੁੰਚ ਨੂੰ ਪੈਵਿਲੀਅਨ ਜ਼ਰੀਏ ਦਰਸਾਉਣ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੁਆਰਾ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ, ਇੰਡਸਟਰੀਜ਼ ਅਤੇ ਕਾਮਰਸ, ਡੀ.ਪੀ.ਐਸ. ਖਰਬੰਦਾ ਸੀ.ਈ.ਓ ਨਿਵੇਸ਼ ਪੰਜਾਬ, ਵਰਿੰਦਰ ਕੁਮਾਰ ਸ਼ਰਮਾ ਐਮ.ਡੀ. ਅਤੇ ਹਰਜੀਤ ਸਿੰਘ ਸੰਧੂ ਏ.ਐਮ.ਡੀ ਦੀ ਅਗਵਾਈ ਹੇਠ ਪ੍ਰਤੀਬੱਧ ਯਤਨ ਕੀਤੇ ਗਏ ਹਨ।
ਉਦਯੋਗ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਇੱਥੇ ਸੱਭਿਆਚਾਰਕ ਸ਼ਾਮ ਦਾ ਪ੍ਰਬੰਧ 27 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬ ਪੈਵਿਲੀਅਨ ਵਿੱਚ ਆਉਣ ਦਾ ਸੱਦਾ ਦਿੱਤਾ ਹੈ।
ਪੈਵਿਲੀਅਨ ਦੇ ਡਿਜਾਇਨ ਬਾਰੇ ਵੇਰਵੇ ਸਾਂਝੇ ਕਰਦਿਆਂ ਪੈਵਿਲੀਅਨ ਦੇ ਪ੍ਰਸ਼ਾਸਕ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਵੇਸ਼ ’ਤੇ ਡਿਜੀਟਲ ਸਕਰੀਨਾਂ ਜ਼ਰੀਏ ਪੰਜਾਬ ਦੀ ਤਰੱਕੀਪਸੰਦ ਸੋਚ, ਆਰਥਿਕ ਸ਼ਕਤੀ ਅਤੇ ਸਭਿਆਚਾਰਕ ਅਮੀਰੀ ਨੂੰ ਦਰਸਾਇਆ ਗਿਆ ਹੈ। ਪੈਵਿਲੀਅਨ ਵਿਖੇ ਆਪਣੀ ਖੂਬਸੂਰਤੀ ਲਈ ਜਾਣੀਆਂ ਜਾਂਦੀਆਂ ਨਾਨਕਸ਼ਾਹੀ ਇੱਟਾਂ ਦੇ ਡਿਜਾਇਨ ਜ਼ਰੀਏ ਸੂਬੇ ਦੇ ਆਰਕੀਟੈਕਟ ਖੇਤਰ ਦੀ ਅਮੀਰੀ ਤੋਂ ਆਉਣ ਵਾਲੇ ਲੋਕਾਂ ਨੂੰ ਜਾਣੂੰ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਪ੍ਰਵੇਸ਼ ਤੇ ਹਵੇਲੀਨੁਮਾ ਡਿਜਾਇਨ ਅਤੇ ਸਾਡਾ ਪੰਜਾਬ ਸੰਕੇਤਕ ਬੋਰ਼ਡ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਇਸਦੇ ਨਾਲ ਹੀ ਸੂਬੇ ਦੇ ਰਾਜ ਪੰਛੀ ਦਾ ਦਰਜਾ ਰਖਦੇ ਪੰਛੀ ਬਾਜ਼ ਦਾ ਧਾਤ ਨਾਲ ਤਿਆਰ ਮੁਜੱਸਮਾਂ ਸੂਬੇ ਦੀ ਸਭਿਆਚਾਰਕ ਅਤੇ ਰੂਹਾਨੀਅਤ ਖਾਸ ਕਰ ਸਿੱਖ ਰਵਾਇਤ ਵਿਚ ਇਸਦੀ ਮਹੱਤਤਾ ਨੂੰ ਰੂਪਮਾਨ ਕਰ ਰਿਹਾ ਹੈ।
ਪੰਜਾਬ ਪੈਵਿਲੀਅਨ ਦੇ ਡਿਪਟੀ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਜਿਵੇਂ ਮਾਰਕਫੈਡ, ਮਿਲਕਫੈਡ, ਗਮਾਡਾ/ਪੁੱਡਾ, ਪੰਜਾਬ ਇੰਨਫੋਟੈਕ, ਪੰਜਾਬ ਐਗਰੋ, ਪੀ.ਐਸ.ਆਈ.ਈ.ਸੀ., ਨਿਵੇਸ਼ ਪੰਜਾਬ, ਪੰਜਾਬ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਨਿਫਟ, ਪੰਜਾਬ ਮੰਡੀ ਬੋਰਡ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆਦਿ ਵੱਲੋਂ ਲੋਕਾਂ ਨੂੰ ਉਤਪਾਦਾਂ ਤੇ ਸੇਵਾਵਾਂ ਬਾਰੇ ਜਾਣੂੰ ਕਰਵਾਉਣ ਲਈ ਸਟਾਲ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੂਬੇ ਦੇ ਕਲਾਕਾਰਾਂ ਤੇ ਕਾਰੀਗਰਾਂ ਨੂੰ ਗਲੋਬਲ ਪਛਾਣ ਬਣਾਉਣ ਲਈ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ 2024 ਦਾ ਪਲੈਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪੈਵਿਲੀਅਨ ਵਿਖੇ ਪੰਜਾਬ ਦੇ ਲੋਕ ਨਾਚ ਭੰਗੜੇ ਦੀਆਂ ਪੇਸ਼ਕਾਰੀਆਂ ਲੋਕਾਂ ਲਈ ਖਿੱਚ ਦਾ ਕੇਂਦਰ ਹਨ।