ਸੈਣੀ ਸਭਾ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ: ਮੁੰਡੀਆ
ਸੈਣੀ ਸਭਾ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ: ਮੁੰਡੀਆ
ਸੈਣੀ ਸਭਾ ਗੁਰਦਾਸਪੁਰ ਦਾ ਵਫਦ ਵੱਲੋਂ ਮਾਲ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨਾਲ ਗੱਲਬਾਤ
ਚੰਡੀਗੜ੍ਹ, 10 ਅਕਤੂਬਰ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸਭ ਵਰਗਾਂ ਦੇ ਲੋਕਾਂ ਦੀਆਂ ਭਲਾਈ ਲਈ ਵਚਨਬੱਧ ਹੈ। ਇਹ ਗੱਲ ਮਾਲ ਤੇ ਮੁੜ ਵਸੇਬਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆ ਵੱਲੋਂ ਸੈਣੀ ਸਭਾ ਗੁਰਦਾਸਪੁਰ ਦੇ ਵਫਦ ਨਾਲ ਕੀਤੀ ਮੁਲਾਕਾਤ ਦੌਰਾਨ ਆਖੀ ਗਈ।
ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸੈਣੀ ਸਭਾ ਦੇ ਵਫਦ ਨੇ ਮੁਲਾਕਾਤ ਕਰਦਿਆਂ ਗੁਰਦਾਸਪੁਰ ਦੀ ਨਵੀਂ ਦਾਣਾ ਮੰਡੀ ਵਿਖੇ ਕਮਿਊਨਿਟੀ ਸੈਂਟਰ/ਸੈਣੀ ਭਵਨ ਬਣਾਉਣ ਦੀ ਮੰਗ ਰੱਖੀ। ਸ. ਮੁੰਡੀਆ ਨੇ ਆਖਿਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਜੀ ਨਾਲ ਗੱਲਬਾਤ ਕਰਕੇ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਪੁਰਜ਼ੋਰ ਸਿਫਾਰਸ਼ ਕਰਨਗੇ।
ਸ. ਮੁੰਡੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਭ ਵਰਗਾਂ ਦੀ ਮੰਗਾਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਜੇਕਰ ਕਮਿਊਨਿਟੀ ਸੈਂਟਰ ਜਾਂ ਸੈਣੀ ਭਵਨ ਦਾ ਨਿਰਮਾਣ ਹੁੰਦਾ ਹੈ ਤਾਂ ਸੈਣੀ ਭਾਈਚਾਰੇ ਦੇ ਲੋਕ ਅਤੇ ਗੁਰਦਾਸਪੁਰ ਵਾਸੀ ਆਪਣੇ ਵੱਖ-ਵੱਖ ਜਨਹਿੱਤਾਂ ਦੇ ਕੰਮ ਕਰ ਸਕਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਨਾਨਕਾ ਪਿੰਡ ਗੁਰਦਾਸਪੁਰ ਜ਼ਿਲੇ ਵਿੱਚ ਹੈ ਅਤੇ ਉਨ੍ਹਾਂ ਨੂੰ ਉਥੋਂ ਦਾ ਕੋਈ ਭਲਾਈ ਕੰਮ ਕਰਦਿਆਂ ਸਭ ਤੋਂ ਵੱਧ ਖੁਸ਼ੀ ਹੋਵੇਗੀ।
ਇਸ ਮੌਕੇ ਸੈਣੀ ਸਭਾ ਦੇ ਸਰਪ੍ਰਸਤ ਦਰਸ਼ਨ ਸਿੰਘ ਸੈਣੀ, ਪ੍ਰਧਾਨ ਬਖਸ਼ੀਸ ਸਿੰਘ ਸੈਣੀ, ਸਕੱਤਰ ਮਲਕੀਤ ਸਿੰਘ ਸੈਣੀ ਤੇ ਖਜਾਨਚੀ ਬਲਜਿੰਦਰ ਸਿੰਘ ਸੈਣੀ ਨੇ ਕੈਬਨਿਟ ਮੰਤਰੀ ਸ. ਮੁੰਡੀਆ ਅਤੇ ਪੰਜਾਬ ਸਰਕਾਰ ਦਾ ਉਨ੍ਹਾਂ ਦੀ ਮੰਗ ਉਤੇ ਗੌਰ ਫਰਮਾਉਣ ਲਈ ਧੰਨਵਾਦ ਕੀਤਾ।